ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਫਰਵਰੀ
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗ਼ੁਲਾਮ ਨਬੀ ਆਜ਼ਾਦ ਦੇ ਵਿਦਾਇਗੀ ਸਮਾਰੋਹ ਦੌਰਾਨ ਭਾਵੁਕ ਹੋਣ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਦੇ ਇਸ ਪ੍ਰਤੀਕਰਮ ਨੇ ਉਨ੍ਹਾਂ ਦੇ ਜਿਸ ਪੱਖ ਨੂੰ ਉਜਾਗਰ ਕੀਤਾ ਹੈ, ਉਸ ਤੋਂ ਉਮੀਦ ਪੈਦਾ ਹੋਈ ਹੈ ਕਿ ਉਹ ਜਲਦੀ ਹੀ ਕਿਸਾਨ ਸੰਘਰਸ਼ ਦੌਰਾਨ ਆਏ ਦਿਨ ਜਾਨਾਂ ਗੁਆ ਰਹੇ ਕਿਸਾਨਾਂ ਲਈ ਵੀ ਆਪਣੇ ਹੰਕਾਰ ਨੂੰ ਪਾਸੇ ਰੱਖ ਭਾਵੁਕਤਾ ਤੋਂ ਕੰਮ ਲੈਣਗੇ। ਜਾਰੀ ਬਿਆਨ ਰਾਹੀਂ ’ਚ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਉਮੀਦ ਵੀ ਜਾਗੀ ਹੈ ਕਿ ਸ੍ਰੀ ਮੋਦੀ ਨਾ ਸਿਰਫ਼ ਗ਼ੁਲਾਮ ਨਬੀ ਆਜ਼ਾਦ ਦੇ ਗੁਣਾਂ ਨੂੰ ਯਾਦ ਰੱਖਣਗੇ ਬਲਕਿ ਆਪਣੇ ਕਿਰਦਾਰ ਵਿੱਚ ਉਹੀ ਲੋਕ-ਪੱਖੀ ਗੁਣ ਲਿਆਉਣਗੇ ਅਤੇ ਲੋਕਤੰਤਰ ਵਿੱਚ ਲੋਕ ਹਿਤਾਂ ਲਈ ਜੂਝਣ ਵਾਲਿਆਂ ਨੂੰ ‘ਅੰਦੋਲਨਜੀਵੀ’ ਵਰਗੇ ਨਾਂ ਦੇ ਕੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਮਰਿਆਦਾ ਨੂੰ ਸ਼ਰਮਸਾਰ ਨਾ ਕਰਨ।