ਪੱਤਰ ਪ੍ਰੇਰਕ
ਬਠਿੰਡਾ, 7 ਜਨਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਮੋਦੀ ਦੀ ਫੇਰੀ ਤੋਂ ਬਾਅਦ ਪੈਦਾ ਹੋਇਆ ਵਿਵਾਦ ਬੇਲੋੜਾ ਹੈ ਤੇ ਪੰਜਾਬ ਸੂਬੇ ਨੂੰ ਰਾਸ਼ਟਰਪਤੀ ਰਾਜ ਵਲ ਧੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਜਾਨ ਬਚਾਅ ਕੇ ਆਉਣ ਵਾਲਾ ਬਿਆਨ ਨਿੰਦਣਯੋਗ ਹੈ। ਇਹ ਪਹਿਲੀ ਵਾਰ ਹੋਵੇਗਾ ਕਿ ਪ੍ਰਧਾਨ ਮੰਤਰੀ ਦੇ 100 ਕਿਲੋਮੀਟਰ ਦੀ ਦੂਰੀ ਵਾਲੀ ਸੜਕ ’ਤੇ ਸਫ਼ਰ ਕਰਨ ਵੇਲੇ ਪ੍ਰਸ਼ਾਸਨ ਤੇ ਏਜੰਸੀਆਂ ਨੂੰ ਪਤਾ ਨਹੀਂ ਸੀ ਕਿ ਕਿਹੜਾ ਰੂਟ ਠੀਕ ਹੋਵੇਗਾ। ਉਨ੍ਹਾਂ ਦੱਸਿਆ ਕਿ ਕੀ ਐਨਾ ਸਫਰ ਤੈਅ ਕਰਨ ਬਾਰੇ ਸੋਚਣਾ ਪੰਜਾਬ ਵਿੱਚ ਅਮਨ ਸ਼ਾਂਤੀ ਦਾ ਸੰਦੇਸ਼ ਨਹੀਂ ਹੈ। ਡੱਲੇਵਾਲ ਨੇ ਕਿਹਾ ਕਿ ਰੈਲੀ ਵਿੱਚ ਮਿਥੇ ਟੀਚੇ ਤੋਂ ਕਈ ਗੁਣਾਂ ਘੱਟ ਇਕੱਠ ਘੱਟ ਹੋਣ ਕਾਰਨ ਅਜਿਹੇ ਬਿਆਨ ਦਾਗ ਕੇ ਮਾਹੌਲ ਖਰਾਬ ਕਰ ਰਹੇ ਹਨ।