ਪੱਤਰ ਪ੍ਰੇਰਕ
ਅੰਮ੍ਰਿਤਸਰ, 22 ਨਵੰਬਰ
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਇੱਥੇ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਬਣੇ ਨਾਜ਼ੁਕ ਹਾਲਾਤ ’ਤੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅੰਦੋਲਨਕਾਰੀਆਂ ਦੀ ਗੱਲਬਾਤ ਤੋਂ ਸਪੱਸ਼ਟ ਹੈ ਕਿ ਯਾਤਰੂ ਤੇ ਮਾਲ ਗੱਡੀਆਂ ਨੂੰ ਲਾਂਘਾ ਮਿਲਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੇ ਅੰਦੋਲਨਕਾਰੀ ਕਿਸਾਨਾਂ ਦਾ ਵਧ ਰਿਹਾ ਟਕਰਾਅ ਬਹੁਤ ਖ਼ਤਰਨਾਕ ਹੈ। ਮੌਜੂਦਾ ਟਕਰਾਅ ਦੀ ਥਾਂ ਮੋਦੀ ਸਰਕਾਰ ਹਾਲਾਤ ਨੂੰ ਸੁਖਾਵਾਂ ਮੋੜਾ ਦੇਣ ਲਈ ਪਹਿਲਕਦਮੀ ਕਰੇ। ਕੇਂਦਰ ਸਰਕਾਰ ਨੂੰ ਇੱਕ ਵਾਰ ਕਿਸਾਨ ਮੋਰਚਿਆਂ ਦਾ ਇਤਿਹਾਸ ਜਾਣ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਪ੍ਰਸਥਿਤੀਆਂ ਮੋਦੀ ਸਰਕਾਰ ਨੂੰ ਆਖ ਰਹੀਆਂ ਹਨ ਕਿ ਉਹ ਅੰਦੋਲਨਕਾਰੀ ਕਿਸਾਨਾਂ ਨਾਲ ਗੱਲਬਾਤ ਅਤੇ ਅੰਨਦਾਤਾ ਦੇ ਹੱਕ ਵਿੱਚ ਫ਼ੈਸਲਾ ਕਰੇ, ਜਿਸ ਨੇ ਭਾਰਤ ਨੂੰ ਅਨਾਜ ਵਿੱਚ ਆਤਮ-ਨਿਰਭਰ ਕੀਤਾ ਸੀ।