ਪੱਤਰ ਪ੍ਰੇਰਕ
ਲਹਿਰਾਗਾਗਾ, 11 ਨਵੰਬਰ
ਆਮ ਆਦਮੀ ਪਾਰਟੀ (ਆਪ) ਦੇ ਆਗੂ ਹਰਪਾਲ ਚੀਮਾ ਨੇ ਅੱਜ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਪੰਜਾਬ ਪ੍ਰਤੀ ਆਪਣਾ ਅੜੀਅਲ ਵਤੀਰਾ ਬਦਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਕੇਂਦਰੀ ਪੂਲ ’ਚ ਅਨਾਜ ਦਾ ਵੱਡਾ ਹਿੱਸਾ ਪਾ ਕੇ ਦੇਸ਼ ਨੂੰ ਅਨਾਜ ਦੇ ਮਸਲੇ ’ਚ ਆਤਮ ਨਿਰਭਰ ਕੀਤਾ ਹੈ ਪਰ ਇਸ ਬਦਲੇ ਮੋਦੀ ਸਰਕਾਰ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਚਾਲਾਂ ਨੂੰ ਲੋਕ ਸਮਝ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਨੂੰ ‘ਆਪ’ ਦੀ ਸਹਿ-ਪ੍ਰਧਾਨ ਬਣਾਉਣ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਾਉਣ ਲਈ ਲੋਕਾਂ ਨੂੰ ਜਾਗਰੂਕ ਕਰਨਗੇ।