ਦੇਵਿੰਦਰ ਸਿੰਘ ਜੱਗੀ
ਪਾਇਲ, 9 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਲੋਕ ਸ਼ਕਤੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ, ਜਿਸ ਕਰਕੇ ਕੇਂਦਰ ਸਰਕਾਰ ਨੂੰ ਜਬਰੀ ਕਿਸਾਨਾਂ ’ਤੇ ਥੋਪੇ ਗਏ ਤਿੰਨ ਖੇਤੀ ਕਾਨੂੰਨ ਰੱਦ ਕਰਨ ਲਈ ਮਜਬੂਰ ਹੋਣਾ ਪਿਆ। ਕਿਸਾਨ-ਮਜ਼ਦੂਰ ਸੰਘਰਸ਼ ਦੌਰਾਨ 700 ਤੋਂ ਵੱਧ ਕਿਸਾਨਾਂ ਦੀਆਂ ਜਾਨਾਂ ਚਲੀਆਂ ਗਈਆਂ ਹਨ। ਇਸ ਲਈ ਇਹ ਖੇਤੀ ਕਾਨੂੰਨ ਰੱਦ ਕਰਕੇ ਮੋਦੀ ਨੇ ਕੋਈ ਅਹਿਸਾਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ, ਅਕਾਲੀ ਤੇ ਕੈਪਟਨ ਅਮਰਿੰਦਰ ਆਪਸ ’ਚ ਮਿਲੇ ਹੋਏ ਹਨ ਤੇ ਇਨ੍ਹਾਂ ਦਾ ਗੁਪਤ ਗਠਜੋੜ ਹੈ। ਇਸੇ ਕਰਕੇ ਕਿਸਾਨ ਅੰਦੋਲਨ ਇੰਨਾ ਲੰਮਾ ਖਿੱਚਿਆ ਗਿਆ।
ਉਹ ਅੱਜ ਪਾਇਲ ਵਿੱਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਕਾਰਨ ਪੰਜਾਬ ਦੀ ਆਰਥਿਕਤਾ ਨੂੰ ਢਾਹ ਲੱਗੀ ਹੈ ਤੇ ਲੋਕਾਂ ਨੂੰ ਇੱਕ ਸਾਲ ਤੋਂ ਵੱਧ ਸਮਾਂ ਦਿਨ-ਰਾਤ ਸੜਕਾਂ ’ਤੇ ਸੰਘਰਸ਼ ਕਰਨਾ ਪਿਆ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ’ਤੇ ਵ੍ਹਰਦਿਆਂ ਕਿਹਾ ਕਿ ਅਕਾਲੀ ਦਲ ਮਾੜਾ ਨਹੀਂ, ਸਗੋਂ ਇਸ ਨੂੰ ਚਲਾਉਣ ਵਾਲੇ ਆਗੂ ਮਾੜੇ ਹਨ। ਇਨ੍ਹਾਂ ਲੋਕਾਂ ਨੇ ਪੰਜਾਬ ਦੇ ਵਿਕਾਸ ਨੂੰ ਨਜ਼ਰਅੰਦਾਜ਼ ਕਰਕੇ ਸਿਰਫ ਆਪਣੇ ਖਜ਼ਾਨੇ ਭਰੇ ਹਨ।
ਉਨ੍ਹਾਂ ਕਿਹਾ ਕਿ ਬੇਅਦਬੀ ਕਾਂਡ ਦੇ ਮੁਲਜ਼ਮਾਂ ਨੂੰ ਕਾਂਗਰਸ ਸਰਕਾਰ ਨਹੀਂ ਬਖ਼ਸ਼ੇਗੀ। ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਤੇ ਐੱਸਆਈਟੀ ਵੀ ਡੇਰਾ ਮੁਖੀ ਤੋਂ ਪੁੱਛ-ਗਿਛ ਕਰ ਚੁੱਕੀ ਹੈ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ’ਤੇ ਤੋਰਨ ਵਿੱਚ ਕਾਮਯਾਬ ਹੋਣ ਤੱਕ ਟਿਕ ਕੇ ਨਹੀਂ ਬੈਠੇਗੀ। ਉਦਯੋਗ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਕਾਂਗਰਸ ਦੀ ਸਰਕਾਰ ਮੁੜ ਬਣਾਉਣੀ ਜ਼ਰੂਰੀ ਹੈ ਤਾਂ ਜੋ ਸੂਬੇ ਦਾ ਸਰਬਪੱਖੀ ਵਿਕਾਸ ਹੋ ਸਕੇ।
ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਮੁੱਖ ਮੰਤਰੀ ਅੱਗੇ ਮੰਗਾਂ ਰੱਖੀਆਂ, ਜਿਸ ਨੂੰ ਪ੍ਰਵਾਨ ਕਰਦਿਆਂ ਮੁੱਖ ਮੰਤਰੀ ਨੇ ਦੋਰਾਹਾ ਸੀਵਰੇਜ ਲਈ 13 ਕਰੋੜ, ਪਾਇਲ ਤੇ ਮਲੌਦ ਦੇ ਵਿਕਾਸ ਲਈ 2-2 ਕਰੋੜ ਤੇ ਬੀਜਾ ਤੋਂ ਰਾੜਾ ਸਾਹਿਬ ਤੱਕ ਸੜਕ ਬਣਾਉਣ ਸਣੇ ਹੋਰ ਮੰਗਾਂ ਮੰਨਣ ਦਾ ਭਰੋਸਾ ਦਿੱਤਾ। ਇਸ ਮੌਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਮੁੱਖ ਮੰਤਰੀ ਚੰਨੀ ਵੱਲੋਂ ਸਨਮਾਨਿਤ ਕੀਤਾ ਗਿਆ।
ਇਸੇ ਦੌਰਾਨ ਮੁੱਖ ਮੰਤਰੀ ਨੇ ਅੱਜ ਪਿੰਡ ਰੱਬੋਂ ਉੱਚੀ ਵਿੱਚ ਜੰਗ-ਏ-ਆਜ਼ਾਦੀ ਦੇ ਪਹਿਲੇ ਸ਼ਹੀਦ ਬਾਬਾ ਮਹਾਰਾਜ ਸਿੰਘ ਨੌਰੰਗਾਬਾਦ ਵਾਲਿਆਂ ਦੇ ਬੁੱਤ ਦਾ ਉਦਘਾਟਨ ਕੀਤਾ ਤੇ ਪਿੰਡ ਦੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿੱਚ ਮੱਥਾ ਵੀ ਟੇਕਿਆ। ਇਸ ਮੌਕੇ ਸੰਸਦ ਮੈਂਬਰ ਡਾ. ਅਮਰ ਸਿੰਘ, ਡੀਸੀ ਵਰਿੰਦਰ ਕੁਮਾਰ ਸ਼ਰਮਾ ਉਨ੍ਹਾਂ ਨਾਲ ਮੌਜੂਦ ਸਨ।
ਆਸ਼ਾ ਵਰਕਰਾਂ ਤੇ ਐੱਨਆਰਐੱਚਐਮ ਮੁਲਾਜ਼ਮਾਂ ਨੂੰ ਹਸਪਤਾਲ ਅੰਦਰ ਡੱਕਿਆ
ਆਸ਼ਾ ਵਰਕਰਜ਼ ਤੇ ਐੱਨਐੱਚਆਰ ਮੁਲਾਜ਼ਮਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਸੰਘਰਸ਼ ਵਿੱਢਿਆ ਹੋਇਆ ਹੈ। ਮੁੱਖ ਮੰਤਰੀ ਚੰਨੀ ਦੀ ਪਾਇਲ ਫੇਰੀ ਦੇ ਵਿਰੋਧ ਦੇ ਡਰੋਂ ਆਸ਼ਾ ਵਰਕਰਾਂ ਅਤੇ ਐੱਨਆਰਐੱਚਐੱਮ ਮੁਲਾਜ਼ਮਾਂ ਨੂੰ ਸਿਵਲ ਹਸਪਤਾਲ ਪਾਇਲ ਦੇ ਅੰਦਰ ਹੀ ਡੱਕੀ ਰੱਖਿਆ। ਆਸ਼ਾ ਵਰਕਰ ਯੂਨੀਅਨ ਦੀ ਪ੍ਰਧਾਨ ਹਰਪ੍ਰੀਤ ਕੌਰ ਭੱਠਲ ਤੇ ਐੱਨਐੱਚਆਰ ਦੇ ਆਗੂ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਮੰਗ ਪੱਤਰ ਤਾਂ ਲੈ ਲਏ, ਪਰ ਮੰਗਾਂ ਮੰਨਣ ਦਾ ਕੋਈ ਭਰੋਸਾ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸੇ ਦੌਰਾਨ ਅੰਗਹੀਣ ਭਲਾਈ ਯੂਨੀਅਨ ਪੰਜਾਬ ਦੇ ਵਰਕਰਾਂ ਵੱਲੋਂ ਮੁੱਖ ਮੰਤਰੀ ਦੇ ਕਾਫ਼ਲੇ ਦਾ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ ਗਿਆ।
ਮੁੱਖ ਮੰਤਰੀ ਦੀ ਫੇਰੀ ਮੌਕੇ ਡੀਜੇ ਲਾਉਣ ਦੇ ਹੁਕਮ
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਆਪਣੀ ਯਾਤਰਾ ਦੌਰਾਨ ਥਾਂ-ਥਾਂ ’ਤੇ ਰੁਕ ਕੇ ਲੋਕਾਂ ਨੂੰ ਮਿਲਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲੋਕਾਂ ਦੀ ਆਵਾਜ਼ ਨਾ ਸੁਣਨ ਲਈ ਇੱਕ ਨਿਵੇਕਲੀ ਕਾਢ ਕੱਢੀ ਹੈ। ਅੱਜ ਰਾਜ ਦੇ ਸਾਰੇ ਡਿਪਟੀ ਕਮਿਸ਼ਨਰਾਂ ਤੇ ਜ਼ਿਲ੍ਹਾ ਪੁਲੀਸ ਮੁਖੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜਦੋਂ ਵੀ ਮੁੱਖ ਮੰਤਰੀ ਉਨ੍ਹਾਂ ਦੇ ਇਲਾਕੇ ਵਿੱਚ ਕਿਸੇ ਸਮਾਗਮ ’ਤੇ ਆਉਂਦੇ ਹਨ ਅਤੇ ਉੱਥੇ ਕਿਸੇ ਸੰਗਠਨ ਵੱਲੋਂ ਆਪਣੀਆਂ ਮੰਗਾਂ ਸਬੰਧੀ ਨਾਅਰੇਬਾਜ਼ੀ ਕੀਤੀ ਜਾਂਦੀ ਹੈ ਤਾਂ ਉਸ ਥਾਂ ਉੱਚੀ ਆਵਾਜ਼ ਵਿੱਚ ਡੀਜੇ ’ਤੇ ਗੁਰਬਾਣੀ ਕੀਰਤਨ ਜਾਂ ਕੋਈ ਧਾਰਮਿਕ ਗੀਤ ਲਾ ਦਿੱਤੇ ਜਾਣ। ਪੰਜਾਬ ਪੁਲੀਸ ਦੇ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਵੱਲੋਂ ਇਹ ਹੁਕਮ ਜਾਰੀ ਹੋਏ ਹਨ।