ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 5 ਨਵੰਬਰ
ਅਕਾਲੀ ਦਲ ਦੇ ਯੂਥ ਆਗੂ ਗੁਰਜੀਤ ਸਿੰਘ ਕੋਟਲਾ ਅਤੇ ਸਰਕਲ ਯੂਥ ਪ੍ਰਧਾਨ ਗੁਰਿੰਦਰਪਾਲ ਸਿੰਘ ਗਰਚਾ ਨੇ ਪਿੰਡ ਜੱਲੋਵਾਲ ਅਤੇ ਸਿਰਾਜ ਮਾਜਰਾ ਵਿੱਚ ਨੌਜਵਾਨਾਂ ਨਾਲ ਭਰਵੀਆਂ ਮੀਟਿੰਗਾਂ ਕੀਤੀਆਂ। ਉਨ੍ਹਾਂ ਕਿਹਾ ਕਿ ‘ਬੂਥ ਫਤਹਿ’ ਮੁਹਿੰਮ ਤਹਿਤ ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਵੱਡੀ ਜਿੱਤ ਦਰਜ ਕਰਵਾਉਣ ਲਈ ਹਲਕੇ ਦੇ ਪਿੰਡਾਂ ਵਿਚ ਯੂਥ ਨੌਜਵਾਨਾਂ ਨਾਲ ਮੀਟਿੰਗਾਂ ਕਰਕੇ ਘਰ-ਘਰ ਤੱਕ ਪਹੁੰਚ ਕੀਤੀ ਜਾ ਰਹੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਨੌਜਵਾਨਾਂ ਨਾਲ ਝੂਠੇ ਵਾਅਦੇ ਕਰ ਕੇ ਸੱਤਾ ਹਥਿਆਈ ਹੈ। ਇਸ ਲਈ ਹੁਣ ਨੌਜਵਾਨ ਵਰਗ ਵਿਚ ਕਾਂਗਰਸ ਸਰਕਾਰ ਖ਼ਿਲਾਫ਼ ਭਾਰੀ ਰੋਸ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਦੀ ਮਾੜੀ ਕਾਰਗੁਜ਼ਾਰੀ ਅਤੇ ਆਮ ਆਦਮੀ ਪਾਰਟੀ ਦੇ ਕੂੜ-ਪ੍ਰਚਾਰ ਨੂੰ ਦੇਖਦਿਆਂ ਅਕਾਲੀ ਦਲ-ਬਸਪਾ ਗੱਠਜੋੜ ਨਾਲ ਜੁੜਨ। ਇਸ ਮੌਕੇ ਸਾਬਕਾ ਸਰਪੰਚ ਬਲਵੀਰ ਸਿੰਘ, ਕੌਮੀ ਸਕੱਤਰ ਜਸ਼ਨ ਸ਼ਾਹਪੁਰ, ਹਰਿੰਦਰ ਸਿੰਘ ਭੱਟੀ ਸਿਰਾਜ ਮਾਜਰਾ, ਪ੍ਰਦੀਪ ਕਾਹਲੋਂ, ਲਾਡੀ ਸ਼ਾਹਪੁਰ, ਵਿੱਕੀ ਜੱਲੋਵਾਲ, ਹਰਮਿੰਦਰ ਸਿੰਘ ਸਿਰਾਜ ਮਾਜਰਾ ਆਦਿ ਹਾਜ਼ਰ ਸਨ।