ਪਾਲ ਸਿੰਘ ਨੌਲੀ
ਜਲੰਧਰ, 29 ਜਨਵਰੀ
ਦਿੱਲੀ ਸੰਘਰਸ਼ ਵਿੱਚ ਲੋਕਾਂ ਦੀ ਮੁੜ ਤੋਂ ਸ਼ਮੂਲੀਅਤ ਕਰਵਾਉਣ ਲਈ ਅੱਜ ਸਾਰਾ ਦਿਨ ਦੋਆਬੇ ਦੇ ਪਿੰਡਾਂ ਵਿੱਚ ਕਿਸਾਨ ਆਗੂਆਂ ਵੱਲੋਂ ਜੰਗੀ ਪੱਧਰ ’ਤੇ ਮੀਟਿੰਗਾਂ ਕੀਤੀਆਂ ਗਈਆਂ। ਇਸ ਦੌਰਾਨ ਦਿੱਲੀ ਦੀ ਸਿੰਘੂ ਹੱਦ ’ਤੇ ਚੱਲ ਰਹੇ ਮੋਰਚੇ ਲਈ ਭਲਕੇ 30 ਜਨਵਰੀ ਨੂੰ ਵੱਡਾ ਕਾਫ਼ਲਾ ਭੇਜਣ ਲਈ ਲੋਕਾਂ ਨੂੰ ਲਾਮਬੰਦ ਕੀਤਾ ਗਿਆ। ਇਸ ਕਾਫ਼ਲੇ ’ਚ ਹਜ਼ਾਰਾਂ ਕਿਸਾਨ ਦਿੱਲੀ ਵੱਲ ਕੂਚ ਕਰਨਗੇ। ਇਨ੍ਹਾਂ ਮੀਟਿੰਗਾਂ ਵਿੱਚ ਲੋਕਾਂ ਨੇ ਇਕਸੁਰ ਹੁੰਦਿਆਂ ਕਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਛੇੜੇ ਸੰਘਰਸ਼ ਵਿੱਚੋਂ ਮੈਦਾਨ ਛੱਡ ਕੇ ਭੱਜਣ ਦਾ ਮਤਲਬ ਹੀ ਪੈਦਾ ਨਹੀਂ ਹੁੰਦਾ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੋਆਬਾ, ਬੀਕੇਯੂ ਰਾਜੇਵਾਲ, ਬੀਕੇਯੂ ਲੱਖੋਵਾਲ, ਦੋਆਬਾ ਕਿਸਾਨ ਸੰਘਰਸ਼ ਕਮੇਟੀ, ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਕੰਢੀ ਕਿਸਾਨ ਸੰਘਰਸ਼ ਕਮੇਟੀ ਅਤੇ ਪਿੰਡਾਂ ਦੇ ਪੰਚਾਂ-ਸਰਪੰਚਾਂ ਨੇ ਸਿੰਘੂ ਬਾਰਡਰ ’ਤੇ ਚੱਲ ਰਹੇ ਕਿਸਾਨੀ ਮੋਰਚੇ ’ਚ ਜਾਣ ਲਈ ਵਿਉਂਤਬੰਦੀ ਕੀਤੀ। ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਅਤੇ ਵਾਈਸ ਪ੍ਰਧਾਨ ਕਿਰਪਾਲ ਸਿੰਘ ਮੂਸਾਪੁਰ ਨੇ ਦਰਜਨ ਤੋਂ ਵੱਧ ਮੀਟਿੰਗਾਂ ਕੀਤੀਆਂ, ਜਿਹੜੀਆਂ ਦੇਰ ਰਾਤ ਤਕ ਵੀ ਜਾਰੀ ਰਹੀਆਂ। ਮੀਤ ਪ੍ਰਧਾਨ ਕਿਰਪਾਲ ਸਿੰਘ ਮੂਸਾਪੁਰ ਨੇ ਦੱਸਿਆ ਕਿ ਅੰਦੋਲਨ ਦੀਆਂ ਮੰਗਾਂ ਨੂੰ ਹਿੰਸਾ ਨਾਲ ਜੋੜਿਆ ਨਹੀਂ ਜਾ ਸਕਦਾ। ਕੰਢੀ ਕਿਸਾਨ ਸੰਘਰਸ਼ ਕਮੇਟੀ ਦੇ ਵਾਈਸ ਚੇਅਰਮੈਨ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਦੱਸਿਆ ਕਿ ਸਿੰਘੂ ਬਾਰਡਰ ਵਾਸਤੇ ਪਿੰਡਾਂ ਵਿੱਚੋਂ ਰੋਜ਼ਾਨਾ ਜਥੇ ਭੇਜਣ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ। ਆਗੂਆਂ ਨੇ ਦੱਸਿਆ ਕਿ ਅੱਜ ਜਲੰਧਰ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ 50 ਤੋਂ ਵੱਧ ਪਿੰਡਾਂ ਵਿੱਚ ਮੀਟਿੰਗਾਂ ਹੋਈਆਂ ਹਨ।
ਲੋਕ ਇਨਸਾਫ਼ ਪਾਰਟੀ ਵੱਲੋਂ ‘ਦਿੱਲੀ ਚੱਲੋ-ਮੋਰਚਾ ਮੱਲੋ’ ਮਾਰਚ ਅੱਜ
ਲੋਕ ਇਨਸਾਫ਼ ਪਾਰਟੀ ਕਿਸਾਨ ਅੰਦੋਲਨ ਦੇ ਹੱਕ ’ਚ ‘ਦਿੱਲੀ ਚੱਲੋ-ਮੋਰਚਾ ਮੱਲੋ’ ਮਾਰਚ ਕੱਢੇਗੀ। ਪਾਰਟੀ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਇਥੇ ਦੱਸਿਆ ਕਿ 30 ਜਨਵਰੀ ਨੂੰ ਟਰੈਕਟਰ ਟਰਾਲੀਆਂ ਤੇ ਗੱਡੀਆਂ ਦਾ ਕਾਫ਼ਲਾ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਤੋਂ ਰਵਾਨਾ ਕੀਤਾ ਜਾਵੇਗਾ ਤੇ 31 ਜਨਵਰੀ ਨੂੰ ਸਾਹਨੇਵਾਲ ਤੋਂ ਇੱਕ ਜਥਾ ਦਿੱਲੀ ਲਈ ਰਵਾਨਾ ਹੋਵੇਗਾ। ਉਨ੍ਹਾਂ ਦੱਸਿਆ ਕਿ ਫਗਵਾੜਾ ਦੇ ਪਿੰਡ ਚੱਕ ਹਕੀਮ ਵਿਚਲੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿੱਚ ਰਾਤ ਦਾ ਠਹਿਰਾਅ ਕੀਤਾ ਜਾਵੇਗਾ ਤੇ ਉਥੋਂ ਵੀ ਦੋਆਬੇ ਦਾ ਇੱਕ ਵੱਡਾ ਕਾਫ਼ਲਾ ਦਿੱਲੀ ਲਈ ਰਵਾਨਾ ਹੋਵੇਗਾ। ਸ੍ਰੀ ਬੈਂਸ ਕਿਹਾ ਕਿ ਮਾਝੇ ਵਿੱਚੋਂ ਬਿਆਸ ਤੋਂ 15 ਕਿਲੋਮੀਟਰ ਅੱਗੇ ਇੱਕ ਧਾਰਮਿਕ ਸਥਾਨ ਤੋਂ ਕਾਫ਼ਲਾ ਦਿੱਲੀ ਮੋਰਚੇ ਲਈ ਰਵਾਨਾ ਕੀਤਾ ਜਾਵੇਗਾ।