ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 21 ਅਗਸਤ
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵੱਲੋਂ ਪਸ਼ੂ ਪਾਲਕਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ 22 ਅਗਸਤ ਨੂੰ ਵੇਰਵਾ ਮਿਲਕ ਪਲਾਂਟ ਫੇਜ਼-6, ਮੁਹਾਲੀ ਬਾਹਰ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ ਜਾਵੇਗਾ। ਇਸ ਸਬੰਧੀ ਕਿਸਾਨਾਂ, ਪਸ਼ੂ ਪਾਲਕਾਂ ਅਤੇ ਮਜ਼ਦੂਰਾਂ ਦੀ ਲਾਮਬੰਦੀ ਲਈ ਪਿੰਡਾਂ ਦੀਆਂ ਸੱਥਾਂ ਵਿੱਚ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ। ਇਹ ਜਾਣਕਾਰੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਪਰਮਿੰਦਰ ਸਿੰਘ ਚਲਾਕੀ, ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ ਅਤੇ ਸੀਨੀਅਰ ਮੀਤ ਪ੍ਰਧਾਨ ਪਰਵਿੰਦਰ ਸਿੰਘ ਬੈਦਵਾਣ ਨੇ ਦਿੱਤੀ। ਇਸ ਤੋਂ ਪਹਿਲਾਂ ਉਨ੍ਹਾਂ ਵੇਰਕਾ ਮਿਲਕ ਪਲਾਂਟ ਦਾ ਦੌਰਾ ਕਰਕੇ ਧਰਨੇ ਵਾਲੀ ਥਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਮੁਹਾਲੀ ਸਮੇਤ ਜ਼ਿਲ੍ਹਾ ਸ੍ਰੀ ਫਤਹਿਗੜ੍ਹ ਸਾਹਿਬ ਅਤੇ ਜ਼ਿਲ੍ਹਾ ਰੂਪਨਗਰ ਦੇ ਪਸ਼ੂ ਪਾਲਕ, ਕਿਸਾਨ ਅਤੇ ਦੁੱਧ ਦੇ ਸਹਾਇਕ ਧੰਦੇ ਨਾਲ ਜੁੜੇ ਲੋਕ ਸ਼ਮੂਲੀਅਤ ਕਰਨਗੇ।
ਕਿਸਾਨ ਆਗੂਆਂ ਨੇ ਕਿਹਾ ਕਿ ‘ਆਪ’ ਸਰਕਾਰ ਨੇ ਦੁੱਧ ਦਾ ਭਾਅ ਵਧਾਉਣ ਦਾ ਭਰੋਸਾ ਦਿੱਤਾ ਸੀ ਪਰ ਸਰਕਾਰ ਆਪਣੇ ਵਾਅਦੇ ਤੋਂ ਮੁਨਕਰ ਹੋ ਗਈ। ਉਨ੍ਹਾਂ ਮੰਗ ਕੀਤੀ ਕਿ ਦੁੱਧ ਦਾ ਭਾਅ 10 ਰੁਪਏ ਪ੍ਰਤੀ ਕਿੱਲੋ ਫੈਟ ਵਧਾਇਆ ਜਾਵੇ ਅਤੇ ਨਕਲੀ ਦੁੱਧ ਦੀ ਵਿਕਰੀ ਰੋਕਣ ਲਈ ਠੋਸ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹਾਲ ਹੀ ਵਿੱਚ ਵੇਰਕਾ ਅਤੇ ਅਮੂਲ ਦੁੱਧ ਦਾ ਭਾਅ ਵਧਾਇਆ ਹੈ ਪਰ ਉਸ ਦਾ ਪਸ਼ੂ ਪਾਲਕਾਂ ਨੂੰ ਕੋਈ ਲਾਭ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਹਰਾ ਤੇ ਸੁੱਕਾ ਚਾਰਾ ਸਮੇਤ ਖੱਲ, ਫੀਡ ਦੇ ਰੇਟ ਬਹੁਤ ਜ਼ਿਆਦਾ ਵੱਧ ਗਏ ਹਨ ਤੇ ਪਸ਼ੂ ਪਾਲਕਾਂ ਤੋਂ ਹਾਲੇ ਵੀ ਘੱਟ ਰੇਟ ’ਤੇ ਦੁੱਧ ਚੁੱਕਿਆ ਜਾ ਰਿਹਾ ਹੈ।
ਲੰਪੀ ਸਕਿਨ ਕਾਰਨ ਦੁੱਧ ਦਾ ਉਤਪਾਦਨ ਘਟਿਆ
ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਤੇਜ਼ੀ ਨਾਲ ਫੈਲ ਰਹੀ ਪਸ਼ੂਆਂ ਦੀ ਲੰਪੀ ਸਕਿਨ ਦੀ ਬਿਮਾਰੀ ਕਾਰਨ ਦੁੱਧ ਦੇ ਉਤਪਾਦਨ ’ਤੇ ਕਾਫ਼ੀ ਅਸਰ ਪਿਆ ਹੈ। ਇਹੀ ਨਹੀਂ ਦੁੱਧ ਦੀ ਸਪਲਾਈ ਵੀ ਘਟੀ ਹੈ। ਬਿਮਾਰੀ ਤੋਂ ਡਰਦੇ ਆਮ ਲੋਕਾਂ ਖਾਸ ਕਰਕੇ ਸ਼ਹਿਰੀਆਂ ਨੇ ਪਿੰਡਾਂ ਤੋਂ ਸਿੱਧੇ ਦੁੱਧ ਦੀ ਸਪਲਾਈ ਕਰਨ ਵਾਲੇ ਦੋਧੀਆਂ ਤੋਂ ਦੁੱਧ ਲੈਣਾ ਘਟਾ ਦਿੱਤਾ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਦੁੱਧ ਦੀ ਵਿਕਰੀ ਅਤੇ ਪੈਦਾਵਾਰ ਘਟਣ ਕਾਰਨ ਕਿਸਾਨਾਂ ਅਤੇ ਦੁੱਧ ਦੇ ਸਹਾਇਕ ਧੰਦੇ ਨਾਲ ਜੁੜੇ ਲੋਕਾਂ ਦਾ ਲੱਕ ਟੁੱਟ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਵੱਲੋਂ ਪੀੜਤ ਪਸ਼ੂ ਪਾਲਕਾਂ ਨੂੰ ਪ੍ਰਤੀ ਪਸ਼ੂ 1-1 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ।