ਸ਼ਗਨ ਕਟਾਰੀਆ
ਜੈਤੋ, 10 ਜੁਲਾਈ
ਆਬਾਦਕਾਰ ਅਤੇ ਰਿਹਾਇਸ਼ੀ ਜ਼ਮੀਨ ਬਚਾਓ ਸੰਘਰਸ਼ ਕਮੇਟੀ ਨੇ ਅੱਜ ਇੱਥੇ ਵਿਧਾਇਕ ਅਮੋਲਕ ਸਿੰਘ ਦੀ ਜੈਤੋ-ਬਾਜਾਖਾਨਾ ਮਾਰਗ ’ਤੇ ਸਥਿਤ ਰਿਹਾਇਸ਼ ਅੱਗੇ ਧਰਨਾ ਦੇ ਕੇ ਚਾਰ ਘੰਟੇ ਆਵਾਜਾਈ ਠੱਪ ਕੀਤੀ। ਧਰਨਾਕਾਰੀ ਮੰਗ ਕਰ ਰਹੇ ਸਨ ਕਿ ਪਿੰਡ ਸੇਢਾ ਸਿੰਘ ਵਾਲਾ ’ਚ ਖੋਹੀ ਗਈ ਜ਼ਮੀਨ ਵਾਪਸ ਕਰਨ ਤੋਂ ਇਲਾਵਾ ਉੱਥੇ ਬੀਜੀਆਂ ਫ਼ਸਲਾਂ ਦੇ ਉਜਾੜੇ ਦਾ ਸਰਕਾਰ ਮੁਆਵਜ਼ਾ ਦੇਵੇ।
ਗੌਰਤਲਬ ਹੈ ਕਿ ਸਰਕਾਰੀ ਜ਼ਮੀਨਾਂ ਤੇ ਸ਼ਾਮਲਾਟਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਤਹਿਤ ਲੰਘੀ 23 ਜੂਨ ਨੂੰ ਪ੍ਰਸ਼ਾਸਨ ਨੇ ਵਿਧਾਇਕ ਦੀ ਮੌਜੂਦਗੀ ’ਚ ਪਿੰਡ ਸੇਢਾ ਸਿੰਘ ਵਾਲਾ ਦੀ ਸਰਕਾਰੀ ਜ਼ਮੀਨ ਤੋਂ ਕਬਜ਼ੇ ਹਟਾਏ ਸਨ। ਇਸ ਦੌਰਾਨ ਕਿਸਾਨਾਂ ਦੀਆਂ ਬੀਜੀਆਂ ਫ਼ਸਲਾਂ ਵਾਹ ਦਿੱਤੀਆਂ ਗਈਆਂ ਸਨ। ਉਸ ਮੁਹਿੰਮ ਖ਼ਿਲਾਫ਼ ਅੱਜ ਕਿਸਾਨਾਂ ਨੇ ਵਿਧਾਇਕ ਦੀ ਰਿਹਾਇਸ਼ ਘੇਰੀ। ਆਬਾਦਕਾਰ ਅਤੇ ਰਿਹਾਇਸ਼ੀ ਜ਼ਮੀਨ ਬਚਾਓ ਸੰਘਰਸ਼ ਕਮੇਟੀ ਜੈਤੋ ਦੇ ਕਨਵੀਨਰ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਫ਼ਰੀਦਕੋਟ ਦੇ ਜਨਰਲ ਸਕੱਤਰ ਗੁਰਤੇਜ ਹਰੀ ਨੌ ਤੇ ਪ੍ਰਕਾਸ਼ ਸਿੰਘ, ਜਨਵਾਦੀ ਇਸਤਰੀ ਸਭਾ ਪੰਜਾਬ ਦੀ ਸੂਬਾ ਪ੍ਰਧਾਨ ਦਰਸ਼ਨਾ ਜੋਸ਼ੀ, ਮਜ਼ਦੂਰ ਯੂਨੀਅਨ ਪੰਜਾਬ ਦੇ ਕਨਵੀਨਰ ਅੰਗਰੇਜ਼ ਸਿੰਘ (ਗੋਰਾ ਮੱਤਾ), ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਖ਼ਜ਼ਾਨਚੀ ਸਿਕੰਦਰ ਸਿੰਘ ਅਜਿੱਤਗਿੱਲ, ਮਜ਼ਦੂਰ ਏਕਤਾ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਅਤੇ ਆਰਐਮਸੀਪੀਆਈ (ਪਾਸਲਾ) ਦੇ ਜ਼ਿਲ੍ਹਾ ਸਕੱਤਰ ਕੁਲਵੰਤ ਸਿੰਘ ਨੇ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਸਰਕਾਰੀ ਜ਼ਮੀਨਾਂ ਕਹਿ ਕੇ ‘ਹਥਿਆਈਆਂ’ ਗਈਆਂ ਜ਼ਮੀਨਾਂ ਅਸਲ ਵਿੱਚ ਸਰਕਾਰੀ ਨਹੀਂ ਹਨ। ਦੇਸ਼ ਦੀ ਵੰਡ ਤੋਂ ਪਹਿਲਾਂ ਲੋਕਾਂ ਨੇ ਇਨ੍ਹਾਂ ਬੰਜਰ ਜ਼ਮੀਨਾਂ ਨੂੰ ਮਿਹਨਤ ਨਾਲ ਉਪਜਾਊ ਬਣਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਅਤੇ ਪ੍ਰਸ਼ਾਸਨ ਗਰੀਬਾਂ ਤੋਂ ਜ਼ਮੀਨਾਂ ਖੋਹ ਕੇ ਧੱਕਾ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਖੋਹੀਆਂ ਗਈਆਂ ਜ਼ਮੀਨਾਂ ਸਰਕਾਰ ਮੁੜ ਆਬਾਦਕਾਰਾਂ ਨੂੰ ਦੇਵੇ ਅਤੇ ਫਸਲਾਂ ਦਾ ਮੁਆਵਜ਼ਾ ਵੀ ਦਿੱਤਾ ਜਾਵੇ।
ਵਿਧਾਇਕ ਦੇ ਭਰੋਸੇ ਮਗਰੋਂ ਧਰਨਾ ਚੁੱਕਿਆ
ਵਿਧਾਇਕ ਅਮੋਲਕ ਸਿੰਘ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਜ਼ਮੀਨਾਂ ਦਾ ਠੇਕਾ ਪਹਿਲੇ ਕਾਸ਼ਤਕਾਰਾਂ ਨੂੰ ਤਰਜੀਹ ਦੇ ਆਧਾਰ ’ਤੇ ਦੁਆਉਣ ਲਈ ਉਹ ਬੀਡੀਪੀਓ ਨਾਲ ਗੱਲ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ 13 ਜੁਲਾਈ ਤੱਕ ਉਹ ਮੁੱਖ ਮੰਤਰੀ ਨੂੰ ਮਿਲ ਕੇ ਪ੍ਰਸ਼ਾਸਨ ਵੱਲੋਂ ਕਬਜ਼ੇ ’ਚ ਲਈ ਜ਼ਮੀਨ ਵਾਪਸ ਕਰਨ ਲਈ ਕਹਿਣਗੇ। ਇਹ ਭਰੋਸਾ ਮਿਲਣ ’ਤੇ ਧਰਨਾਕਾਰੀਆਂ ਨੇ ਧਰਨਾ ਚੁੱਕ ਦਿੱਤਾ।