ਰੋਹਿਤ ਰਮਨ ਗੋਇਲ
ਪੱਖੋ ਕੈਂਚੀਆਂ, 22 ਸਤੰਬਰ
ਵਿਧਾਨ ਸਭਾ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਰਸ਼ਨ ਸਿੰਘ ਦੀ ਅੱਜ ਅਚਾਨਕ ਸਿਹਤ ਵਿਗੜ ਗਈ, ਜਿਸ ਕਰਕੇ ਉਨ੍ਹਾਂ ਨੂੰ ਡੀਐੱਮਸੀ ਲੁਧਿਆਣਾ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਪਹਿਲਾਂ ਵਿਧਾਇਕ ਦੇ ਪਿਤਾ ਦੀ ਸਿਹਤ ਵਿਗੜਨ ਦਾ ਕਾਰਨ ਉਨ੍ਹਾਂ ਵੱਲੋਂ ਕਥਿਤ ਤੌਰ ’ਤੇ ਕੋਈ ਜ਼ਹਿਰਲੀ ਵਸਤੂ ਨਿਗਲਣਾ ਦੱਸਿਆ ਗਿਆ ਬਾਅਦ ਵਿੱਚ ਪਰਿਵਾਰਕ ਮੈਂਬਰਾਂ ਨੇ ਇਸ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ ਅਤੇ ਆਖਿਆ ਕਿ ਗ਼ਲਤ ਦਵਾਈ ਖਾਣ ਕਰਕੇ ਉਨ੍ਹਾਂ ਦੀ ਸਿਹਤ ਵਿਗੜੀ ਹੈ।
ਵਿਧਾਇਕ ਉਗੋਕੇ ਦੀ ਮਾਤਾ ਬਲਦੇਵ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦਰਸ਼ਨ ਸਿੰਘ ਬੀਪੀ ਅਤੇ ਸ਼ੂਗਰ ਦੀ ਦਵਾਈ ਰੋਜ਼ਾਨਾ ਖਾਂਦੇ ਹਨ। ਇਸ ਸਬੰਧੀ ਉਸ ਦੇ ਪਤੀ ਨੇ ਦਵਾਈ ਦੀ ਮੰਗ ਕੀਤੀ ਤਾਂ ਉਸ ਨੇ ਭੁਲੇਖੇ ਨਾਲ ਗ਼ਲਤ ਦਵਾਈ ਦੇ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਉਨ੍ਹਾਂ ਨੂੰ ਤਪਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿਥੋਂ ਉਨ੍ਹਾਂ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ। ਉਨ੍ਹਾਂ ਨੇ ਜ਼ਹਿਰੀਲੀ ਦਵਾਈ ਨਿਗਲਣ ਦੀ ਗੱਲ ਨੂੰ ਝੂਠ ਕਰਾਰ ਦਿੱਤਾ ਹੈ।
ਮੇਰੇ ਪਿਤਾ ਦੀ ਹਾਲਤ ਸਥਿਰ: ਉਗੋਕੇ
ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦੀ ਸਿਹਤ ਵਿਗੜੀ ਤਾਂ ਵਿਧਾਇਕ ਉਸ ਵੇਲੇ ਚੰਡੀਗੜ੍ਹ ਵਿੱਚ ਪਾਰਟੀ ਦੇ ਸਮਾਗਮ ਵਿੱਚ ਸਨ। ਇਸ ਸਬੰਧੀ ਵਿਧਾਇਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਜਾਣਕਾਰੀ ਸਾਂਝੀ ਕੀਤੀ ਹੈ। ਵਿਧਾਇਕ ਨੇ ਫ਼ੇਸਬੁੱਕ ’ਤੇ ਪੋਸਟ ਸਾਂਝੀ ਕਰਦਿਆਂ ਆਖਿਆ, ‘‘ਦਿਲ ਦੀ ਧੜਕਣ ਘਟਣ ਕਾਰਨ ਮੇਰੇ ਪਿਤਾ ਦੀ ਸਿਹਤ ਵਿਗੜ ਗਈ ਸੀ, ਜਿਸ ਕਰਕੇ ਉਨ੍ਹਾਂ ਨੂੰ ਲੁਧਿਆਣਾ ਡੀਐੱਮਸੀ ਦੇ ਹੀਰੋ ਹਾਰਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।’’ ਉਨ੍ਹਾਂ ਦੱਸਿਆ ਕਿ ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਹੈ।