ਜਗਮੋਹਨ ਸਿੰਘ
ਰੂਪਨਗਰ, 27 ਦਸੰਬਰ
ਵਿਧਾਨ ਸਭਾ ਹਲਕਾ ਰੂਪਨਗਰ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਦਿਨੇਸ਼ ਚੱਢਾ ਨੂੰ ਦਿੱਤੇ ਜਾਣ ’ਤੇ ਪਾਰਟੀ ਦੇ ਮੌਜੂਦਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਸਖਤ ਇਤਰਾਜ਼ ਜ਼ਾਹਿਰ ਕੀਤਾ ਹੈ। ਅੱਜ ਰੂਪਨਗਰ ਵਿਖੇ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਸ੍ਰੀ ਸੰਦੋਆ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਟਿਕਟ ਕੱਟੇ ਜਾਣ ਦਾ ਦੁੱਖ ਨਹੀਂ ਹੈ, ਬਲਕਿ ਇਸ ਗੱਲ ਦਾ ਸ਼ਿਕਵਾ ਹੈ ਕਿ ਉਨ੍ਹਾਂ ਦੇ ਵਿਰੋਧ ਦੇ ਬਾਵਜੂਦ ਦਿਨੇਸ਼ ਚੱਢਾ ਨੂੰ ਟਿਕਟ ਕਿਉਂ ਦਿੱਤੀ ਗਈ। ਸੰਦੋਆ ਨੇ ਦੱਸਿਆ, ‘‘ਪਾਰਟੀ ਮੁਖੀ ਸ੍ਰੀ ਕੇਜਰੀਵਾਲ ਵੱਲੋਂ ਉਨ੍ਹਾਂ ਨੂੰ ਕੁੱਝ ਦਿਨ ਪਹਿਲਾਂ ਦਿੱਲੀ ਸੱਦ ਕੇ ਕਿਹਾ ਗਿਆ ਸੀ ਕਿ ਐਤਕੀਂ ਤੁਹਾਨੂੰ ਚੋਣ ਨਹੀਂ ਲੜਾਉਣੀ, ਜਿਸ ’ਤੇ ਮੈਂ ਕਿਹਾ ਸੀ ਕਿ ਠੀਕ ਹੈ, ਪਰ ਨਾਲ ਹੀ ਇਹ ਵੀ ਕਿਹਾ ਸੀ ਕਿ ਦਿਨੇਸ਼ ਚੱਢਾ ਨੂੰ ਵੀ ਟਿਕਟ ਨਾ ਦਿੱਤੀ ਜਾਵੇ, ਕਿਉਂਕਿ ਮੈਂ ਦਿਨੇਸ਼ ਚੱਢਾ ਦੇ ਨਾਲ ਨਹੀਂ ਚੱਲ ਸਕਦਾ। ਹੋਰ ਜਿਸ ਨੂੰ ਮਰਜ਼ੀ ਚੋਣ ਲੜਾ ਦਿਉ, ਮੈਂ ਪੂਰਾ ਸਾਥ ਦਿਆਂਗਾ।’’ ਸੰਦੋਆ ਨੇ ਕਿਹਾ ਕਿ ਪਾਰਟੀ ਜਿੱਥੇ ਵੀ ਉਨ੍ਹਾਂ ਡਿਊਟੀ ਲਗਾਏਗੀ, ਉਹ ਉੱਥੇ ਪੂਰੀ ਤਨਦੇਹੀ ਨਾਲ ਕੰਮ ਕਰਨਗੇ, ਪਰ ਦਿਨੇਸ਼ ਚੱਢਾ ਦਾ ਸਾਥ ਬਿਲਕੁਲ ਨਹੀਂ ਦੇਣਗੇ।