ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 6 ਅਕਤੂਬਰ
ਵਿਧਾਨ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ 7 ਅਕਤੂਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਜਾਵੇਗੀ। ਉਸ ਦਾ ਵਿਆਹ ਮਨਦੀਪ ਸਿੰਘ ਲੱਖੇਵਾਲ ਨਾਲ ਹੋ ਰਿਹਾ ਹੈ। ਵਿਆਹ ਸਮਾਗਮ ਵਿੱਚ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਣਗੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਉਂਜ ਵਿਆਹ ਸਬੰਧੀ ਪਿੰਡ ਭਰਾਜ ਅਤੇ ਲੱਖੇਵਾਲ ਵਿਚ ਹਾਲੇ ਤੱਕ ਕਿਸੇ ਵੀ ਵਿਅਕਤੀ ਨੂੰ ਜਾਣਕਾਰੀ ਨਹੀਂ ਹੈ। ਇੱਥੋਂ ਨੇੜਲੇ ਪਿੰਡ ਭਰਾਜ ਦੀ ਜੰਮਪਲ ਨਰਿੰਦਰ ਕੌਰ ਭਰਾਜ ਨੇ 2014 ਵਿੱਚ ਉਸ ਸਮੇਂ ਪੰਜਾਬ ਦੇ ਸਿਆਸੀ ਖੇਤਰ ਵਿੱਚ ਨਾਮਣਾ ਖੱਟਿਆ ਸੀ ਜਦੋਂ ਐਮਪੀ ਚੋਣਾਂ ਦੌਰਾਨ ‘ਆਪ’ ਉਮੀਦਵਾਰ ਭਗਵੰਤ ਮਾਨ ਦਾ ਪਿੰਡ ਭਰਾਜ ਵਿੱਚ ਕੋਈ ਪੋਲਿੰਗ ਏਜੰਟ ਨਹੀਂ ਬਣਨ ਦਿੱਤਾ ਗਿਆ ਸੀ। ਉਦੋਂ ਨਰਿੰਦਰ ਕੌਰ ਪੰਜਾਬ ਵਿੱਚ ਪਹਿਲੀ ਮਹਿਲਾ ਪੋਲਿੰਗ ਏਜੰਟ ਬਣੀ ਸੀ। ਉਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਵਿੱਚ ਸਰਗਰਮ ਹੋ ਗਈ ਅਤੇ ਜ਼ਿਲ੍ਹੇ ਭਰ ਦੇ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਵਿੱਚ ਅਹਿਮ ਰੋਲ ਨਿਭਾਇਆ। ਨਰਿੰਦਰ ਕੌਰ 28 ਸਾਲ ਦੀ ਉਮਰ ਵਿੱਚ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਹਰਾ ਕੇ ਵਿਧਾਇਕਾ ਚੁਣੀ ਗਈ।