ਗੁਰਨਾਮ ਸਿੰਘ ਅਕੀਦਾ
ਪਟਿਆਲਾ, 7 ਅਕਤੂਬਰ
ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ 28 ਸਾਲਾ ਵਿਧਾਇਕਾ ਨਰਿੰਦਰ ਕੌਰ ਭਰਾਜ ਅੱਜ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਉਨ੍ਹਾਂ ਦਾ ਅਨੰਦ ਕਾਰਜ ਅੱਜ ਪਿੰਡ ਰੋੜੇਵਾਲ ਦੇ ਡੇਰਾ ਬਾਬਾ ਪੂਰਨ ਦਾਸ ਵਿੱਚ ਆਮ ਆਦਮੀ ਪਾਰਟੀ ਦੇ ਵਾਲੰਟੀਅਰ 29 ਸਾਲਾ ਮਨਦੀਪ ਸਿੰਘ ਨਾਲ ਹੋਇਆ। ਵਿਆਹ ਸਮੇਂ ਜੋੜਾ ਸਾਦੇ ਲਬਿਾਸ ਵਿੱਚ ਨਜ਼ਰ ਆਇਆ। ਵਿਆਹ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ ਨੇ ਸ਼ਮੂਲੀਅਤ ਕੀਤੀ ਪਰ ਪਟਿਆਲਾ ਦਾ ਕੋਈ ਵਿਧਾਇਕ ਸ਼ਾਮਲ ਨਹੀਂ ਹੋਇਆ। ਮਨਦੀਪ ਸਿੰਘ ‘ਆਪ’ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਰਹਿ ਚੁੱਕੇ ਹਨ। ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨਰਿੰਦਰ ਕੌਰ ਭਰਾਜ ਦੇ ਹੱਕ ਵਿਚ ਚੋਣ ਪ੍ਰਚਾਰ ਦੀ ਜ਼ਿੰਮੇਵਾਰੀ ਸੰਭਾਲੀ ਸੀ। ਦੋਵੇਂ ਪਰਿਵਾਰ ਵੀ ਕਾਫ਼ੀ ਸਮੇਂ ਤੋਂ ਨੇੜੇ ਹਨ। ਨਰਿੰਦਰ ਕੌਰ ਭਰਾਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਾਨੂੰ ਬੇਲੋੜੇ ਖਰਚਿਆਂ ਤੋਂ ਬਚਣ ਦੀ ਲੋੜ ਹੈ, ਜਿਸ ਕਰਕੇ ਉਨ੍ਹਾਂ ਵਿਆਹ ਵੀ ਸਾਦੇ ਢੰਗ ਨਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਧਾਇਕਾ ਵਜੋਂ ਉਹ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਹਨ ਅਤੇ ਹੁਣ ਮਿਲੀ ਨਵੀਂ ਜ਼ਿੰਮੇਵਾਰੀ ਨੂੰ ਵੀ ਉਹ ਬਾਖੂਬੀ ਨਿਭਾਉਣ ਦੀ ਕੋਸ਼ਿਸ਼ ਕਰਨਗੇ।
ਜ਼ਿਕਰਯੋਗ ਹੈ ਕਿ ਨਰਿੰਦਰ ਕੌਰ ਸੰਗਰੂਰ ਦੇ ਪਿੰਡ ਭਰਾਜ ਦੇ ਇਕ ਆਮ ਕਿਸਾਨ ਪਰਿਵਾਰ ਨਾਲ ਸਬੰਧਤ ਹਨ। ਉਨ੍ਹਾਂ ਭਾਈ ਗੁਰਦਾਸ ਕਾਲਜ ਆਫ ਲਾਅ ਸੰਗਰੂਰ ਤੋਂ 2021 ਵਿੱਚ ਐੱਲਐੱਲਬੀ ਦੀ ਪੜ੍ਹਾਈ ਪੂਰੀ ਕੀਤੀ ਹੈ।