ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 17 ਨਵੰਬਰ
ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਸਥਾਨਕ ਨੈਣਾ ਦੇਵੀ ਮੰਦਿਰ ਦੇ ਸਾਹਮਣੇ ਪਾਰਕਿੰਗ ਵਾਲੇ ਚੌਕ ਵਿਚ 6.54 ਲੱਖ ਦੀ ਲਾਗਤ ਨਾਲ ਇੰਟਰਲੌਕਿੰਗ ਟਾਈਲਾਂ ਲਗਵਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਸੰਬੋਧਨ ਕਰਦਿਆਂ ਊਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਵਿਚ ਕੋਈ ਕਸਰ ਨਹੀਂ ਛੱਡੇਗੀ। ਊਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਨੂੰ ਵਿਕਾਸ ਪੱਖੋਂ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਧਰਤੀ ਫ਼ਤਹਿਗੜ੍ਹ ਸਾਹਿਬ ਵਿਚ ਦੇਸ਼ ਵਿਦੇਸ਼ ਤੋਂ ਸੰਗਤ ਸ਼ਹੀਦਾਂ ਨੂੰ ਨਤਮਸਤਕ ਹੋਣ ਲਈ ਪੁੱਜਦੀ ਹੈ। ਊਨ੍ਹਾਂ ਕਿਹਾ ਕਿ ਆਪਣੇ-ਆਪ ਨੂੰ ਪੰਥ ਹਿਤੈਸ਼ੀ ਕਹਾਉਣ ਵਾਲੇ ਅਕਾਲੀਆਂ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਇਸ ਨੂੰ ਅਣਦੇਖਿਆ ਕੀਤਾ ਹੈ। ਉਨ੍ਹਾਂ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਦਾ ਇਤਿਹਾਸ ਗਵਾਹ ਹੈ ਕਿ ਇੱਥੇ ਕਾਂਗਰਸ ਸਮੇਂ ਹੀ ਵਿਕਾਸ ਹੋਇਆ। ਊਨ੍ਹਾਂ ਕਿਹਾ ਕਿ ਹੁਣ ਵੀ ਸਰਕਾਰ ਵੱਲੋਂ ਇੱਥੇ ਕਰੋੜਾਂ ਰੁਪਏ ਦੇ ਪ੍ਰਾਜੈਕਟ ਚਲਾਏ ਜਾ ਰਹੇ ਹਨ। ਇਨ੍ਹਾਂ ਵਿਚ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਤੱਕ ਪੁੱਜਦੀਆਂ ਸੜਕਾਂ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ। ਊਨ੍ਹਾਂ ਕਹਿਾ ਕਿ ਛੇਤੀ ਹੀ ਇਸ ਮਹਾਨ ਧਰਤੀ ਦੀ ਦਿੱਖ ਹੋਰ ਵੀ ਸੁੰਦਰ ਹੋ ਜਾਵੇਗੀ।
ਇਸ ਮੌਕੇ ਐਸ.ਡੀ.ਐਮ ਫ਼ਤਹਿਗੜ੍ਹ ਸਾਹਿਬ ਡਾ. ਸੰਜੀਵ ਕੁਮਾਰ, ਕਾਰਜਸਾਧਕ ਅਫ਼ਸਰ ਗੁਰਪਾਲ ਸਿੰਘ, ਰਾਮਨਾਥ ਸ਼ਰਮਾ, ਅਨਿਲ ਗੁਪਤਾ, ਪਵਨ ਕਾਲੜਾ, ਨਿਰਮਲ ਪੁਰੀ, ਗੁਰਜੀਤ ਲੌਂਗੀ, ਰਵਿੰਦਰ ਬਾਸੀ, ਰਵਿੰਦਰ ਮੋਹਨ ਆਦਿ ਮੌਜੂਦ ਸਨ।