ਮਹਿੰਦਰ ਸਿੰਘ ਰੱਤੀਆਂ
ਮੋਗਾ, 22 ਅਕਤੂਬਰ
ਮੋਗਾ ਤੋਂ ਹਾਕਮ ਧਿਰ ਦੇ ਵਿਧਾਇਕ ਡਾ. ਹਰਜੋਤ ਕਮਲ ਸਿੰਘ ਅਤੇ ਸਥਾਨਕ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਲੰਘੀ ਰਾਤ ਲੁਧਿਆਣਾ ਨੇੜਲੇ ਕਸਬਾ ਦੋਰਾਹਾ ਵਿਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਅਤੇ ਗੰਭੀਰ ਜ਼ਖ਼ਮੀ ਹੋ ਗਏ।
ਜਾਣਕਾਰੀ ਮੁਤਾਬਕ ਵਿਧਾਇਕ ਡਾ. ਹਰਜੋਤ ਕਮਲ ਸਿੰਘ ਅਤੇ ਚੇਅਰਮੈਨ ਵਿਨੋਦ ਬਾਂਸਲ ਚੰਡੀਗੜ੍ਹ ਤੋਂ ਮੋਗਾ ਪਰਤ ਰਹੇ ਸਨ ਕਿ ਕਸਬਾ ਦੋਰਾਹਾ ਨੇੜੇ ਸਾਹਮਣੇ ਤੋਂ ਗ਼ਲਤ ਪਾਸਿਓਂ ਆ ਰਹੀ ਸਕਾਰਪੀਓ ਗੱਡੀ ਨਾਲ ਉਨ੍ਹਾਂ ਦੀ ਗੱਡੀ ਦੀ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਵਿਧਾਇਕ ਦੀ ਗੱਡੀ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਸੁਰੱਖਿਆ ਮੁਲਾਜ਼ਮਾਂ ਨੇ ਵਿਧਾਇਕ, ਚੇਅਰਮੈਨ ਅਤੇ ਡਰਾਈਵਰ ਨੂੰ ਗੱਡੀ ਦੀ ਬਾਰੀ ਤੋੜ ਕੇ ਬਾਹਰ ਕੱਢਿਆ ਅਤੇ ਇਕ ਹੋਰ ਗੱਡੀ ਰਾਹੀਂ ਮੋਗਾ ਲਿਆਂਦਾ। ਗੰਭੀਰ ਜ਼ਖ਼ਮੀ ਹਾਲਤ ਵਿਚ ਵਿਧਾਇਕ ਤੇ ਚੇਅਰਮੈਨ ਨੂੰ ਮੋਗਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਕਾਰ ਦੇ ਡਰਾਈਵਰ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਫੋਰਟਿਸ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਵਿਚ ਵਿਧਾਇਕ ਦੇ ਚੂਲੇ ’ਤੇ ਗੰਭੀਰ ਸੱਟ ਲੱਗੀ ਹੈ ਅਤੇ ਚੇਅਰਮੈਨ ਦੀ ਬਾਂਹ ਅਤੇ ਲੱਤ ਦੀ ਹੱਡੀ ਟੁੱਟ ਗਈ ਹੈ। ਡਾਕਟਰਾਂ ਮੁਤਾਬਕ ਦੋਵਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।