ਅਜੇ ਮਲਹੋਤਰਾ
ਸ੍ਰੀ ਫ਼ਤਹਿਗੜ੍ਹ ਸਾਹਿਬ, 21 ਅਪਰੈਲ
ਹਲਕਾ ਬਸੀ ਪਠਾਣਾਂ ਤੋਂ ਵਿਧਾਇਕ ਰੁਪਿੰਦਰ ਸਿੰਘ ਹੈਪੀ ਵੱਲੋਂ ਬਿਜਲੀ ਵਿਭਾਗ ਦੇ ਇੱਕ ਜੇਈ ਨੂੰ ਰਿਸ਼ਵਤ ਦੇ ਪੈਸਿਆਂ ਸਮੇਤ ਕਾਬੂ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਸਤਨਾਮ ਸਿੰਘ ਵਾਸੀ ਸ਼ਹਿਜ਼ਾਦਪੁਰ ਦੀ ਕੰਬਾਈਨ, ਜਦੋਂ ਚਰਨ ਸਿੰਘ ਲੈ ਕੇ ਪਿੰਡ ਨੰਦਪੁਰ ਕੋਲੋਂ ਲੰਘ ਰਿਹਾ ਸੀ ਤਾਂ ਰਾਹ ’ਚ ਢਿੱਲੀ ਹੋਣ ਕਾਰਨ ਲਮਕ ਰਹੀ ਬਿਜਲੀ ਦੀ ਇੱਕ ਤਾਰ ਕੰਬਾਈਨ ’ਚ ਫਸ ਕੇ ਟੁੱਟ ਗਈ। ਇਸ ਤੋਂ ਬਾਅਦ ਬਿਜਲੀ ਵਿਭਾਗ ਦੇ ਇੱਕ ਲਾਈਨਮੈਨ ਵੱਲੋਂ ਕੰਬਾਈਨ ਦੇ ਮਾਲਕ ਸਤਨਾਮ ਸਿੰਘ ਨੂੰ ਫੋਨ ਕਰਕੇ ਵਿਭਾਗ ਦੇ ਜੇਈ ਦੀਪ ਸਿੰਘ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਜਿਸ ਤੋਂ ਬਾਅਦ ਉਹ ਜੇਈ ਨੂੰ ਮਿਲਣ ਲਈ ਰਸੂਲਪੁਰ ਗਰਿੱਡ ਪਹੁੰਚਿਆ ਤਾਂ ਉਕਤ ਜੇਈ ਨੇ ਉਸ ਵਿਰੁੱਧ ਕਾਰਵਾਈ ਨਾ ਕਰਨ ਬਦਲੇ ਉਸ ਕੋਲੋਂ 15 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਅਤੇ ਸੌਦਾ 5 ਹਜ਼ਾਰ ਰੁਪਏ ’ਚ ਤੈਅ ਹੋ ਗਿਆ ਜਿਸ ’ਤੇ ਸਤਨਾਮ ਸਿੰਘ ਨੇ ਜੇ.ਈ. ਨੂੰ ਰਿਸ਼ਵਤ ਦੇ 5 ਹਜ਼ਾਰ ਰੁਪਏ ਦੇ ਦਿੱਤੇ ਤੇ ਨਾਲ ਹੀ ਸਾਰਾ ਮਾਮਲਾ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੇ ਧਿਆਨ ’ਚ ਲਿਆਂਦਾ। ਵਿਧਾਇਕ ਨੇ ਪੁਲੀਸ ਨੂੰ ਸੂਚਿਤ ਕਰਦਿਆਂ ਖੁਦ ਵੀ ਬਿਜਲੀ ਗਰਿੱਡ ਪਹੁੰਚ ਗਏ ਜਿੱਥੇ ਮੌਕੇ ’ਤੇ ਪਹੁੰਚੀ ਥਾਣਾ ਬਸੀ ਪਠਾਣਾਂ ਦੀ ਪੁਲੀਸ ਪਾਰਟੀ ਨੇ ਗਵਾਹਾਂ ਅਤੇ ਵਿਧਾਇਕ ਦੀ ਹਾਜ਼ਰੀ ’ਚ ਸ਼ਿਕਾਇਤਕਰਤਾ ਵੱਲੋਂ ਦੱਸੇ ਗਏ ਸੀਰੀਅਲ ਨੰਬਰਾਂ ਵਾਲੇ ਨੋਟ ਉਕਤ ਜੇ.ਈ. ਦੀ ਜੇਬ ’ਚੋਂ ਬਰਾਮਦ ਕਰ ਲਏ। ਬਸੀ ਪਠਾਣਾਂ ਪੁਲੀਸ ਨੇ ਜੇਈ ਦੀਪ ਸਿੰਘ ਸਿੰਘ ਵਿਰੁੱਧ ਕੇਸ ਦਰਜ ਕਰਦਿਆਂ ਉਸ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।