ਰਮੇਸ਼ ਭਾਰਦਵਾਜ
ਲਹਿਰਾਗਾਗਾ, 8 ਅਪਰੈਲ
ਇੱਥੇ ਬਾਬਾ ਹੀਰਾ ਸਿੰਘ ਭੱਠਲ ਇੰਜਨੀਅਰਿੰਗ ਕਾਲਜ ਵਿੱਚ ਲੰਮਾ ਸਮਾਂ ਤਨਖਾਹ ਨਾ ਮਿਲਣ ਕਰਕੇ ਖ਼ੁਦਕੁਸ਼ੀ ਕਰ ਗਏ ਕਲਰਕ ਦਵਿੰਦਰ ਸਿੰਘ ਨਮਿੱਤ ਪਾਠ ਦੇ ਭੋਗ ਸਮੇਂ ਅੱਜ ਵਿਧਾਇਕ ਬਰਿੰਦਰ ਗੋਇਲ ਨੇ ਮ੍ਰਿਤਕ ਦੀ ਪਤਨੀ ਨੂੰ ਪੰਜ ਲੱਖ ਦਾ ਚੈੱਕ ਭੇਟ ਕੀਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਕੌਮੀ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸੂਬਾ ਸਰਕਾਰ ਕਾਲਜ ਬੰਦ ਕਰਨ ਲਈ ਤਿਆਰ ਹੈ, ਪਰ ਜਥੇਬੰਦੀ ਇਸ ਨੂੰ ਬੰਦ ਨਹੀਂ ਹੋਣ ਦੇਵੇਗੀ।
ਉਗਰਾਹਾਂ ਨੇ ਕਿਹਾ ਕਿ ਸਰਕਾਰ ਵਿੱਦਿਆ ਦਾ ਨਿੱਜੀਕਰਨ ਕਰਨ ਲਈ ਕਾਲਜਾਂ ਨੂੰ ਬੰਦ ਕਰ ਰਹੀ ਹੈ। ਇਕ ਪਾਸੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਣ ਦੀ ਗੱਲ ਕੀਤੀ ਜਾਂਦੀ ਹੈ ਤੇ ਦੂਜੇ ਪਾਸੇ ਸਰਕਾਰੀ ਅਦਾਰੇ ਬੰਦ ਕਰ ਕੇ ਸਟਾਫ਼ ਨੂੰ ਬੇਰੁਜ਼ਗਾਰ ਕੀਤਾ ਜਾ ਰਿਹਾ ਹੈ। ਵਿਧਾਇਕ ਬਰਿੰਦਰ ਗੋਇਲ ਨੇ ਕਿਹਾ ਕਿ ਉਹ ਦਵਿੰਦਰ ਸਿੰਘ ਨੂੰ ਵਾਪਸ ਤਾਂ ਨਹੀਂ ਲਿਆ ਸਕਦੇ, ਪਰ ਪੀੜਤ ਪਰਿਵਾਰ ਦੀ ਮਦਦ ਲਈ ਅੱਜ ਪੰਜ ਲੱਖ ਰੁਪਏ ਦਾ ਦੂਜਾ ਚੈੱਕ ਦਿੱਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਪਹਿਲੀ ਸਰਕਾਰ ਵੇਲੇ ਉਕਤ ਪਰਿਵਾਰ ਨੂੰ ਪੰਜ ਲੱਖ ਦਾ ਚੈੱਕ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਬਾਕੀ 20 ਲੱਖ 38 ਹਜ਼ਾਰ ਰੁਪਏ ਤੇ ਤਨਖ਼ਾਹਾਂ ਆਦਿ ਦੇ ਬਕਾਏ ਹਨ, ਉਸ ਵਾਸਤੇ ਕਾਗਜ਼ ਤਿਆਰ ਹੋ ਚੁੱਕੇ ਹਨ ਤੇ ਅਗਲੇ ਹਫ਼ਤੇ ਦੇ ਦਿੱਤੇ ਜਾਣਗੇ। ਸ੍ਰੀ ਗੋਇਲ ਨੇ ਕਿਹਾ ਕਿ ਉਨ੍ਹਾਂ ਦੀ ਵੀ ਇਹ ਕੋਸ਼ਿਸ਼ ਹੈ ਕਿ ਕਾਲਜ ਬੰਦ ਨਾ ਹੋਵੇ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਵਾਰਿਸ ਨੂੰ ਐਲਾਨੀ ਸਰਕਾਰੀ ਨੌਕਰੀ ਦਾ ਮਤਾ ਵੀ ਪੰਜਾਬ ਕੈਬਨਿਟ ’ਚ ਪਾਸ ਕਰ ਦਿੱਤਾ ਗਿਆ ਹੈ। ਇਸ ਮੌਕੇ ਮਹਿੰਦਰ ਬਾਗੀ, ਆਯੁਰਵੈਦਿਕ ਸੇਵਾ ਸੰਘ ਦੇ ਬਲਾਕ ਨੈਬ ਸਿੰਘ, ਪਰਮਜੀਤ ਸਿੰਘ ਮੀਤ ਪ੍ਰਧਾਨ ਐਕਸ ਆਰਮੀ ਵੈੱਲਫੇਅਰ, ਕਾਮਰੇਡ ਗੁਲਜ਼ਾਰ ਸਿੰਘ ਗੌਰੀ, ਏਟਕ ਦੇ ਸੂਬਾ ਸਕੱਤਰ ਸੁਖਦੇਵ ਸ਼ਰਮਾ ਨੇ ਵੀ ਸ਼ਰਧਾਂਜਲੀ ਭੇਟ ਕੀਤੀ।