ਪੱਤਰ ਪ੍ਰੇਰਕ
ਨੂਰਪੁਰ ਬੇਦੀ, 7 ਅਗਸਤ
ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਅੱਜ ਪਹਿਲੀ ਵਾਰ ਪਿੰਡ ਨਲਹੋਟੀ ਉਪਰਲੀ ਵਿੱਚ ਪਹੁੰਚ ਕੇ ਲੋਕਾਂ ਦੇ ਮਸਲੇ ਸੁਣੇ ਗਏ। ਪਿੰਡ ਵਾਸੀਆਂ ਨੇ ਇਥੇ ਪਹੁੰਚਣ ’ਤੇ ਵਿਧਾਇਕ ਚੱਢਾ ਦਾ ਨਿੱਘਾ ਸਵਾਗਤ ਕੀਤਾ। ਪਿੰਡ ਵਾਸੀਆਂ ਨੇ ਸ੍ਰੀ ਚੱਢਾ ਨੂੰ ਵੱਖ-ਵੱਖ ਮੰਗਾਂ ਤੋਂ ਜਾਣੂ ਕਰਵਾਇਆ। ਵਿਧਾਇਕ ਨੇ ਪਿੰਡਾਂ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਵਿਧਾਇਕ ਚੱਢਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਵੋਟਾਂ ਵੇਲੇ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕਰ ਰਹੀ ਹੈ। ਉਨ੍ਹਾਂ ਇਸ ਮੌਕੇ ਹਲਕੇ ਦੇ ਲੋਕਾਂ ਨੂੰ ਕਿਹਾ ਕਿ ਹਲਕੇ ਦੇ ਵਿਕਾਸ ਲਈ ਆਪਣੇ ਕੀਮਤੀ ਸੁਝਾਅ ਦਿਓ ਤੇ ਉਹ ਹਰ ਸਮੇਂ ਲੋਕਾਂ ਦੀ ਸੇਵਾ ’ਚ ਹਾਜ਼ਰ ਰਹਿਣਗੇ। ਉਨ੍ਹਾਂ ਸਰਕਾਰੀ ਹਸਪਤਾਲ ਸਿੰਘਪੁਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਸ ਹਸਪਤਾਲ ਨੂੰ ਪਿਛਲੇ 10-15 ਸਾਲ ਤੋਂ ਪਰਚਿਆਂ ਵਾਲਾ ਹਸਪਤਾਲ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਅੱਜ ਉਥੇ ਹਰ ਤਰ੍ਹਾਂ ਦੀ ਬਿਮਾਰੀ ਦੇ ਸਪੈਸ਼ਲਿਸਟ ਡਾਕਟਰ ਪਹੁੰਚ ਰਹੇ ਹਨ। ਇਸ ਮੌਕੇ ਜਸਵੀਰ ਸਿੰਘ ਨਲਹੋਟੀ, ਸੁਰਜੀਤ ਫੌਜੀ, ਦੌਲਤ ਰਾਮ, ਗੁਰਚੈਨ ਸਿੰਘ, ਬਾਬਾ ਸੋਹਣ ਸਿੰਘ, ਬਖਸੀਸ ਸਿੰਘ, ਜਰਨੈਲ ਸਿੰਘ ਲੰਬੜਦਾਰ, ਕਮਲਜੀਤ ਚੌਧਰੀ ਆਦਿ ਹਾਜਰ ਸਨ।