ਪੱਤਰ ਪ੍ਰੇਰਕ
ਲਹਿਰਾਗਾਗਾ, 7 ਅਗਸਤ
ਹਲਕਾ ਲਹਿਰਾਗਾਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਮਗਰੋਂ ਵਿਧਾਇਕ ਸ੍ਰੀ ਗੋਇਲ ਨੇ ਆਪਣੇ ਆਪ ਨੂੰ ਕੁਝ ਦਿਨਾਂ ਲਈ ਇਕਾਂਤਵਾਸ ਕਰ ਲਿਆ ਹੈ। ਸਿਵਲ ਹਸਪਤਾਲ ਲਹਿਰਾਗਾਗਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੰਜੈ ਬਾਂਸਲ ਨੇ ਵਿਧਾਇਕ ਗੋਇਲ ਦੇ ਕਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਕੀਤੀ ਹੈ। ਡਾ. ਬਾਂਸਲ ਨੇ ਦੱਸਿਆ ਕਿ ਵਿਧਾਇਕ ਗੋਇਲ ਕੱਲ੍ਹ ਖਾਂਸੀ ਤੇ ਜ਼ੁਕਾਮ ਹੋਣ ਕਾਰਨ ਹਸਪਤਾਲ ਵਿੱਚ ਆਏ ਸਨ। ਇਸ ਦੌਰਾਨ ਉਨ੍ਹਾਂ ਦਾ ਕਰੋਨਾ ਟੈਸਟ ਕੀਤਾ ਗਿਆ ਤਾਂ ਉਹ ਪਾਜ਼ੇਟਿਵ ਪਾਏ ਗਏ ਹਨ। ਸ੍ਰੀ ਗੋਇਲ ਦੇ ਪੁੱਤਰ ਗੌਰਵ ਗੋਇਲ ਨੇ ਦੱਸਿਆ ਹੈ ਕਿ ਹਲਕੇ ਦੇ ਕਿਸੇ ਵੀ ਵਿਅਕਤੀ ਨੂੰ ਕੰਮ ਕਰਵਾਉਣ ਵਿੱਚ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ, ਉਹ ਘਰ ਬੈਠੇ ਹੀ ਕੰਮ-ਕਾਰ ਕਰਨਗੇ।