ਪੱਤਰ ਪ੍ਰੇਰਕ
ਭਗਤਾ ਭਾਈ, 7 ਅਗਸਤ
ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਚੌਕੀ ਦਿਆਲਪੁਰਾ ਭਾਈਕਾ ਦੇ ਏਐੱਸਆਈ ਜਗਤਾਰ ਸਿੰਘ ਨੂੰ ਕਥਿਤ ਪੰਜ ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ। ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਦੱਸਿਆ ਇਸ ਤੋਂ ਪਹਿਲਾਂ ਵੀ ਉਕਤ ਏਐੱਸਆਈ ਵੱਲੋਂ ਕਥਿਤ ਰਿਸ਼ਵਤ ਲੈਣ ਦੀਆਂ ਕੁਝ ਸ਼ਿਕਾਇਤਾਂ ਉਨ੍ਹਾਂ ਦੇ ਧਿਆਨ ਵਿੱਚ ਆਈਆਂ ਸਨ। ਵਿਧਾਇਕ ਸਿੱਧੂ ਨੇ ਦੱਸਿਆ ਕਿ ਅੱਜ ਫਿਰ ਉਕਤ ਏਐੱਸਆਈ ਵੱਲੋਂ ਰਿਸ਼ਵਤ ਲੈਣ ਬਾਰੇ ਜਦੋਂ ਪਤਾ ਲੱਗਾ ਤਾਂ ਉਨ੍ਹਾਂ ਖੁਦ ਚੌਕੀ ਦਿਆਲਪੁਰਾ ਭਾਈਕਾ ਵਿਖੇ ਜਾ ਕੇ ਉਸ ਦੀ ਪੈਂਟ ਦੀ ਜੇਬ੍ਹ ਵਿਚੋਂ 5 ਹਜ਼ਾਰ ਰੁਪਏ ਬਰਾਮਦ ਕਰ ਲਏ। ਉਨ੍ਹਾਂ ਕਿਹਾ ਕਿ ਏਐੱਸਆਈ ਨੇ ਇਹ ਪੈਸੇ ਲਾਹਣ ਬਰਾਮਦਗੀ ਦੀ ਮਾਤਰ ਘਟਾਉਣ ਦੇ ਇਕ ਮਾਮਲੇ ਵਿਚ ਕਥਿਤ ਰਿਸ਼ਵਤ ਵਜੋਂ ਲਏ ਸਨ। ਵਿਧਾਇਕ ਬਲਕਾਰ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਭ੍ਰਿਸ਼ਟਾਚਾਰ ਨੂੰ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਏਐੱਸਆਈ ਖ਼ਿਲਾਫ਼ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਹੈ। ਡੀਐੱਸਪੀ ਫੂਲ ਅਸ਼ਬੰਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਮਾਮਲੇ ਦੇ ਸਬੰਧ ਵਿਚ ਉਕਤ ਏਐੱਸਆਈ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।