ਲਖਵਿੰਦਰ ਸਿੰਘ
ਮਲੋਟ, 12 ਮਾਰਚ
ਇੱਥੋਂ ਦੇ ਖਾਲੇ ਵਾਲੀ ਗਲੀ ਦੇ ਮੋੜ ’ਤੇ ਰੋਜ਼ ਸਵੇਰੇ ਸੈਂਕੜੇ ਮਜ਼ਦੂਰ ਪੋਣੇ ਵਿੱਚ ਰੋਟੀਆਂ ਬੰਨ੍ਹ ਕੇ ਦਿਹਾੜੀ ਦੀ ਉਡੀਕ ਵਿੱਚ ਖੜ੍ਹਦੇ ਹਨ, ਜਿਨ੍ਹਾਂ ਵਿੱਚੋਂ ਕੁੱਝ ਨੂੰ ਕੰਮ ਮਿਲ ਜਾਂਦਾ ਹੈ ਪਰ ਬਾਕੀ ਦੁਪਿਹਰ ਤੱਕ ਉਡੀਕ ਕਰਨ ਮਗਰੋਂ ਘਰਾਂ ਨੂੰ ਖਾਲੀ ਹੱਥ ਮੁੜਣ ਲਈ ਮਜਬੂਰ ਹੁੰਦੇ ਹਨ। ਅੱਜ ਤੱਕ ਕਿਸੇ ਵੀ ਸਿਆਸੀ ਆਗੂ ਨੇ ਮਜ਼ਦੂਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ, ਹਾਲਾਂਕਿ ਇੱਥੋਂ ਅਕਸਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਮਨਪ੍ਰੀਤ ਬਾਦਲ ਸਮੇਤ ਹੋਰ ਬਹੁਤ ਸਾਰੇ ਸਿਆਸੀ ਆਗੂ ਲੰਘਦੇ ਰਹੇ ਹਨ।
ਅੱਜ ਮਜ਼ਦੂਰਾਂ ਦੇ ਮਨ ਦਾ ਹਾਲ ਜਾਣਨ ਲਈ ਇੱਥੋਂ ਨਵੇਂ ਚੁਣੇ ਗਏ ਵਿਧਾਇਕ ਡਾ. ਬਲਜੀਤ ਕੌਰ ਖ਼ੁਦ ਚੱਲ ਕੇ ਖਾਲੇ ’ਤੇ ਪਹੁੰਚੇ। ਉਨ੍ਹਾਂ ਕਰੀਬ ਅੱਧਾ ਘੰਟਾ ਮਜ਼ਦੂਰ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਇੱਕ ਡਾਇਰੀ ਵਿੱਚ ਬਕਾਇਦਾ ਨੋਟ ਵੀ ਕੀਤਾ। ਮਜ਼ਦੂਰਾਂ ਨੇ ਕਿਹਾ ਕਿ ਪਰਿਵਾਰਾਂ ਵਿੱਚ ਕਮਾਉਣ ਵਾਲਾ ਇੱਕ ਜੀਅ ਹੈ ਤੇ ਖਾਣ ਵਾਲੇ ਪੰਜ ਹਨ ਅਤੇ ਉੱਪਰੋਂ ਦਵਾਈ-ਬੂਟੀ ਦੇ ਖਰਚੇ ਵੱਖਰੇ ਹਨ। ਉਨ੍ਹਾਂ ਕਿਹਾ ਕਿ ਦਿਹਾੜੀ ਨਾ ਲੱਗਣ ਕਾਰਨ ਉਨ੍ਹਾਂ ਦੇ ਘਰ ਵਿੱਚ ਮਾਤਮ ਛਾ ਜਾਂਦਾ ਹੈ, ਇਸ ਲਈ ਉਨ੍ਹਾਂ ਨੂੰ ਪੱਕੇ ਰੁਜ਼ਗਾਰ ਦੀ ਲੋੜ ਹੈ। ਡਾ. ਬਲਜੀਤ ਕੌਰ ਨੇ ਮਜ਼ਦੂਰਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਪਹਿਲਾਂ ਕੀ ਹੋਇਆ ਉਸ ਬਾਰੇ ਉਹ ਕੁੱਝ ਨਹੀਂ ਕਹਿ ਸਕਦੇ ਪਰ ਅੱਜ ਤੋਂ ਬਾਅਦ ਜੋ ਵੀ ਹੋਵੇਗਾ ਉਹ ਹਰ ਵਰਗ ਦੇ ਭਲੇ ਲਈ ਹੋਵੇਗਾ। ਮਜ਼ਦੂਰਾਂ ਨੇ ਕਿਹਾ ਕਿ ਮਲੋਟ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ ਵਿਧਾਇਕ ਬਣਦਿਆਂ ਹੀ ਮਜ਼ਦੂਰਾਂ ਕੋਲ ਪਹੁੰਚਿਆ ਹੋਵੇ। ਇਸ ਮੌਕੇ ਕੁੱਝ ਮਜ਼ਦੂਰ ‘ਆਪ’ ਵਿਧਾਇਕਾ ਨੂੰ ਮਿਲ ਕੇ ਭਾਵੁਕ ਵੀ ਹੋਏ।
ਬਲਕਾਰ ਸਿੱਧੂ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ
ਰਾਮਪੁਰਾ ਫੂਲ (ਗੁਰਵਿੰਦਰ ਸਿੰਘ): ਇੱਥੋਂ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਆਪਣੇ ਘਰ ਵੱਖ ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਹਲਕੇ ਨਾਲ ਸਬੰਧਤ ਥਾਣਾ ਮੁਖੀਆਂ ਤੇ ਡੀਐੱਸਪੀ ਫੂਲ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਹਲਕੇ ਵਿੱਚ ਨਸ਼ਾ ਤਸਕਰਾਂ ’ਤੇ ਤੁਰੰਤ ਨਕੇਲ ਕਸੀ ਜਾਵੇ। ਉਨ੍ਹਾਂ ਕਿਹਾ ਕਿ ਡਿਊਟੀ ਵਿੱਚ ਕੁਤਾਹੀ ਵਰਤਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਬਲਕਾਰ ਸਿੱਧੂ ਨੇ ਸਿਹਤ ਵਿਭਾਗ ਦੇ ਸਿਵਲ ਹਸਪਤਾਲ ਰਾਮਪੁਰਾ ਅਤੇ ਭਗਤਾ ਭਾਈਕਾ ਦੇ ਐੱਸਐੱਮਓ ਨਾਲ ਮੀਟਿੰਗ ਕਰਕੇ ਮਰੀਜ਼ਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਹੱਲ ਕਰਨ ਅਤੇ ਬਿਹਤਰ ਸਿਹਤ ਸਹੂਲਤਾਂ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਇਸ ਤੋਂ ਇਲਾਵਾ ਪਾਵਰਕੌਮ ਰਾਮਪੁਰਾ ਦੇ ਐਕਸੀਅਨ ਤੇ ਐੱਸਡੀਓ ਨੂੰ ਇਲਾਕੇ ਵਿੱਚ ਬਿਜਲੀ ਦੀ ਨਿਰਵਿਘਨ ਸਪਲਾਈ ਲਈ ਲੋੜੀਂਦੇ ਸੁਧਾਰ ਕਰਨ ਦੀ ਹਦਾਇਤ ਕੀਤੀ। ਇਸੇ ਤਰ੍ਹਾਂ ਉਨ੍ਹਾਂ ਮਾਰਕੀਟ ਕਮੇਟੀ ਦੇ ਸੈਕਟਰੀ, ਨਗਰ ਕੌਂਸਲ ਰਾਮਪੁਰਾ ਫੂਲ ਦੇ ਕਾਰਜਸਾਧਕ ਅਫ਼ਸਰ ਨਾਲ ਵੀ ਮੀਟਿੰਗ ਕੀਤੀ। ਬਲਕਾਰ ਸਿੱਧੂ ਨੇ ਸਾਰੇ ਅਧਿਕਾਰੀਆਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੇ ਨਿਰਦੇਸ਼ ਦਿੱਤੇ।