ਖੇਤਰੀ ਪ੍ਰਤੀਨਿਧ
ਐਸਏਐਸ ਨਗਰ (ਮੁਹਾਲੀ), 9 ਜੁਲਾਈ
ਪੰਚਾਇਤੀ ਫੰਡਾਂ ਵਿੱਚ ਬੇਨਿਯਮੀਆਂ ਦੇ ਦੋਸ਼ ਹੇਠ ਪੰਚਾਇਤ ਵਿਭਾਗ ਨੇ ਤਿੰਨ ਅਧਿਕਾਰੀ ਮੁਅੱਤਲ ਕੀਤੇ ਹਨ। ਇਹ ਹੁਕਮ ਵਿਭਾਗ ਦੀ ਵਿੱਤ ਕਮਿਸ਼ਨਰ ਸੀਮਾ ਜੈਨ ਨੇ ਦਿੱਤੇ ਹਨ, ਜਿਨ੍ਹਾਂ ’ਚ ਆਨੰਦਪੁਰ ਸਾਹਿਬ ਬਲਾਕ ਵਿੱਚ ਸਮੇਂ-ਸਮੇਂ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦੀਆਂ ਸੇਵਾਵਾਂ ਨਿਭਾਉਣ ਵਾਲੇ ਬੀਡੀਪੀਓ ਜਤਿੰਦਰ ਸਿੰਘ ਢਿੱਲੋਂ, ਸੀਨੀਅਰ ਸਹਾਇਕ ਲੇਖਾ ਗੁਰਦੀਪ ਸਿੰਘ ਤੇ ਸੀਨੀਅਰ ਸਹਾਇਕ ਲੇਖਾ ਚੰਦ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਜਤਿੰਦਰ ਢਿੱਲੋਂ ਇਸ ਵੇਲੇ ਭੁਨਰਹੇੜੀ ਬਲਾਕ ਦਾ ਬੀਡੀਪੀਓ ਹੈ, ਗੁਰਦੀਪ ਸਿੰਘ ਕੋਲ ਪੱਖੋਵਾਲ ਬਲਾਕ ਦਾ ਚਾਰਜ ਹੈ ਤੇ ਚੰਦ ਸਿੰਘ ਮੁੱਖ ਦਫ਼ਤਰ ਵਿੱਚ ਤਾਇਨਾਤ ਹੈ। ਤਿੰਨੇ ਅਧਿਕਾਰੀਆਂ ’ਤੇ ਸ੍ਰੀ ਆਨੰਦਪੁਰ ਸਾਹਿਬ ਬਲਾਕ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਫੰਡ ਤੇ ਹੋਰਨਾਂ ਫੰਡਾਂ ਅਧੀਨ ਪ੍ਰਾਪਤ ਹੋਈਆਂ ਗਰਾਂਟਾਂ ਦੀ ਗ਼ਲਤ ਵਰਤੋਂ ਕਰਨ ਦਾ ਦੋਸ਼ ਹੈ। ਇਹ ਕਾਰਵਾਈ ਰੂਪਨਗਰ ਦੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਅਮਰਿੰਦਰ ਸਿੰਘ ਵੱਲੋਂ ਮੁੱਢਲੀ ਜਾਂਚ ਮਗਰੋਂ ਭੇਜੀ ਗਈ ਰਿਪੋਰਟ ਦੇ ਆਧਾਰ ’ਤੇ ਕੀਤੀ ਗਈ ਹੈ। ਬੀਡੀਪੀਓ ਜਤਿੰਦਰ ਢਿੱਲੋਂ ਉੱਤੇ ਬੇਨਿਯਮੀਆਂ ਸਬੰਧੀ ਮਾਮਲਾ ਅਦਾਲਤ ਵਿੱਚ ਸੁਣਵਾਈ ਅਧੀਨ ਹੈ।