ਸੰਜੀਵ ਹਾਂਡਾ
ਫ਼ਿਰੋਜ਼ਪੁਰ,16 ਜੂਨ
ਸ਼ਹਿਰ ਦੀ ਛੱਤੀ ਗਲੀ ਵਿਚਲੇ ਘਰ ਦੀ ਮਾਲਕਣ ਦੀ ਲਾਸ਼ ਉਸ ਦੇ ਬੈੱਡ ਵਿਚੋਂ ਬਰਾਮਦ ਹੋਈ ਹੈ। ਕਤਲ ਦਾ ਸ਼ੱਕ ਇਸ ਘਰ ਵਿਚ ਰਹਿੰਦੇ ਕਿਰਾਏਦਾਰ ’ਤੇ ਹੈ, ਜੋ ਆਪਣੀ ਪਤਨੀ ਨਾਲ ਰਹਿੰਦਾ ਸੀ। ਮ੍ਰਿਤਕਾ ਦੀ ਪਛਾਣ ਵੀਨਾ ਰਾਣੀ (65) ਵਿਧਵਾ ਚੰਦਰ ਮੋਹਨ ਵਜੋਂ ਕੀਤੀ ਗਈ ਹੈ। ਵੀਨਾ ਰਾਣੀ ਕੁਝ ਸਾਲ ਪਹਿਲਾਂ ਇਥੋਂ ਆਪਣਾ ਘਰ ਛੱਡ ਕੇ ਜਲੰਧਰ ਚਲੀ ਗਈ ਸੀ, ਉਦੋਂ ਉਸ ਦਾ ਬੇਟਾ ਲਵਲੀ ਯੂਨੀਵਰਸਿਟੀ ਵਿਚ ਪੜ੍ਹਾਉਂਦਾ ਸੀ, ਜੋ ਹੁਣ ਉਥੋਂ ਛੱਡ ਕੇ ਗੁੜਗਾਉਂ ਚਲਾ ਗਿਆ ਹੈ। ਇਸ ਘਰ ਦੇ ਉਪਰਲੇ ਹਿੱਸੇ ਵਿਚ ਉਸ ਨੇ ਕਿਰਾਏ ’ਤੇ ਦੋ ਪਰਿਵਾਰ ਬਿਠਾਏ ਹੋਏ ਸਨ। ਵੀਨਾ ਰਾਣੀ ਕਦੇ ਕਦਾਈਂ ਫ਼ਿਰੋਜ਼ਪੁਰ ਸਥਿਤ ਆਪਣੇ ਪੁਰਾਣੇ ਘਰ ਵਿਚ ਆ ਜਾਂਦੀ ਸੀ ਤੇ ਕੁਝ ਸਮਾਂ ਇਥੇ ਰਹਿੰਦੀ ਸੀ। ਹਫ਼ਤੇ ਤੋਂ ਉਹ ਇਥੇ ਆਈ ਹੋਈ ਸੀ। ਲੰਘੇ ਸੋਮਵਾਰ ਨੂੰ ਉਸ ਦਾ ਕਿਰਾਏਦਾਰ, ਜੋ ਆਪਣੀ ਪਤਨੀ ਨਾਲ ਇਥੇ ਰਹਿੰਦਾ ਸੀ, ਉਹ ਅਚਾਨਕ ਇਥੋਂ ਆਪਣਾ ਸਾਮਾਨ ਕੈਂਟਰ ’ਤੇ ਲੱਦ ਕੇ ਚਲਾ ਗਿਆ। ਕੱਲ੍ਹ ਘਰ ਵਿਚੋਂ ਬਦਬੂ ਆਉਣ ਤੋਂ ਬਾਅਦ ਆਂਢ-ਗੁਆਂਢ ਨੇ ਪੁਲੀਸ ਨੂੰ ਸੂਚਨਾ ਦਿੱਤੀ, ਜਿਸ ਮਗਰੋਂ ਵੀਨਾ ਰਾਣੀ ਦੀ ਲਾਸ਼ ਉਸ ਦੇ ਬੈੱਡ ਵਿਚੋਂ ਬਰਾਮਦ ਹੋਈ। ਹੈਰਾਨੀਜਨਕ ਗੱਲ ਹੈ ਕਿ ਆਂਢ ਗੁਆਂਢ ਵਿਚ ਰਹਿੰਦੇ ਕਿਸੇ ਨੂੰ ਉਸ ਕਿਰਾਏਦਾਰ ਦੀ ਕੋਈ ਸੂਚਨਾ ਨਹੀਂ ਹੈ। ਪੁਲੀਸ ਨੇ ਉਸ ਦੇ ਮੋਬਾਇਲ ਫ਼ੋਨ ਦੀ ਲੋਕੇਸ਼ਨ ਤੋਂ ਉਸ ਨੂੰ ਨਜ਼ਦੀਕੀ ਪਿੰਡ ਸ਼ੇਰਖਾਂ ਤੋਂ ਕਾਬੂ ਕਰ ਲਿਆ ਹੈ। ਵੀਨਾ ਰਾਣੀ ਦਾ ਪੋਸਟਮਾਰਟਮ ਤੋਂ ਬਾਅਦ ਅੱਜ ਸਸਕਾਰ ਕਰ ਦਿੱਤਾ ਗਿਆ। ਪੁਲੀਸ ਵੱਲੋਂ ਸ਼ਹਿਰ ਵਾਸੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਕਿਰਾਏਦਾਰ ਰੱਖਣ ਤੋਂ ਪਹਿਲਾਂ ਉਸ ਦੀ ਸਾਰੀ ਜਾਣਕਾਰੀ ਸਬੰਧਤ ਥਾਣੇ ਵਿਚ ਦੇਣ।