ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 6 ਅਪਰੈਲ
ਪੀਟੀਸੀ ਚੈਨਲ ਵੱਲੋਂ ਕਰਵਾਏ ਮਿਸ ਪੰਜਾਬਣ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀ ਮੁਟਿਆਰ ਨੂੰ ਕਥਿਤ ਬੰਦੀ ਬਣਾਉਣ ਤੇ ਕਥਿਤ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਮੁਹਾਲੀ ਪੁਲੀਸ ਨੇ ਟੀਵੀ ਚੈਨਲ ਦੇ ਐੱਮਡੀ ਰਬਿੰਦਰ ਨਾਰਾਇਣ ਨੂੰ ਅੱਜ ਗੁਰੂਗ੍ਰਾਮ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੂੰ ਅੱਜ ਬਾਅਦ ਦੁਪਹਿਰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਉਧਰ ਇਸ ਮਾਮਲੇ ਵਿੱਚ ਨਾਮਜ਼ਦ ਕਥਿਤ ਮੁੱਖ ਮੁਲਜ਼ਮ ਨੈਨਸੀ ਘੁੰਮਣ ਅਜੇ ਤਾਈਂ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਮੁਹਾਲੀ ਅਦਾਲਤ ਨੇ ਪਿਛਲੇ ਦਿਨੀਂ ਉਸ ਦੀ ਅਗਾਊਂ ਜ਼ਮਾਨਤ ਰੱਦ ਕਰ ਦਿੱਤੀ ਸੀ।
ਮੁਹਾਲੀ ਪੁਲੀਸ ਨੇ ਮਾਮਲੇ ਸਬੰਧੀ ਦਰਜ ਅਪਰਾਧਿਕ ਕੇਸ ਅਤੇ ਹੁਣ ਤੱਕ ਦੀ ਮੁੱਢਲੀ ਜਾਂਚ ਦੇ ਵੇਰਵੇ ਮੀਡੀਆ ਨਾਲ ਸਾਂਝੇ ਕਰਦਿਆਂ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ। ਜਾਂਚ ਦੌਰਾਨ ਮੰਗਲਵਾਰ ਨੂੰ ਪੀੜਤ ਲੜਕੀ ਦੇ ਸੀਆਰਪੀਸੀ ਦੀ ਧਾਰਾ 164 ਤਹਿਤ ਬਿਆਨ ਦਰਜ ਕੀਤੇ ਗਏ ਸਨ। ਮੁਲਜ਼ਮਾਂ ਨੂੰ ਫੜਨ ਲਈ ਮਾਰੇ ਛਾਪਿਆਂ ਦੌਰਾਨ ਪੀਟੀਸੀ ਚੈਨਲ ਦੇ ਐਮਡੀ ਰਬਿੰਦਰ ਨਾਰਾਇਣ ਨੂੰ ਅੱਜ ਗੁਰੂਗ੍ਰਾਮ ਸਥਿਤ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲੀਸ ਨੇ ਦੱਸਿਆ ਕਿ 15 ਮਾਰਚ ਨੂੰ ਇੱਕ ਮਹਿਲਾ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਕਿ ਉਸ ਦੀ ਧੀ ਮਿਸ ਪੰਜਾਬਣ ਮੁਕਾਬਲੇ ਵਿੱਚ ਭਾਗ ਲੈਣ ਵਾਲੀ ਹੈ ਅਤੇ ਉਸ ’ਤੇ ਗੈਰਕਾਨੂੰਨੀ ਕੰਮ ਕਰਨ ਲਈ ਦਬਾਅ ਪਾਉਂਦਿਆਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪਟੀਸ਼ਨਰ ਨੇ ਇਹ ਦੋਸ਼ ਵੀ ਲਾਇਆ ਕਿ ਮੁਲਜ਼ਮ ਉਸ ਦੀ ਲੜਕੀ ਦੀ ਰਿਹਾਈ ਲਈ 50 ਲੱਖ ਰੁਪਏ ਦੀ ਮੰਗ ਕਰ ਰਹੇ ਹਨ। ਉਕਤ ਪਟੀਸ਼ਨ ’ਤੇ ਅਦਾਲਤ ਨੇ 15 ਮਾਰਚ ਨੂੰ ਵਾਰੰਟ ਅਫ਼ਸਰ ਨਿਯੁਕਤ ਕੀਤਾ ਸੀ। ਵਾਰੰਟ ਅਫ਼ਸਰ ਨੇ ਨਜ਼ਰਬੰਦ ਲੜਕੀ ਨੂੰ ਰਿਹਾਅ ਕਰਕੇ ਰਿਪੋਰਟ ਸੌਂਪ ਦਿੱਤੀ। ਸ਼ਿਕਾਇਤਕਰਤਾ ਨੇ 17 ਮਾਰਚ ਨੂੰ ਮੁਹਾਲੀ ਪੁਲੀਸ ਦੇ ਵਿਮੈਨ ਸੈੱਲ ਕੋਲ ਦਰਜ ਸ਼ਿਕਾਇਤ ਵਿੱਚ ਮਿਸ ਪੰਜਾਬਣ ਮੁਕਾਬਲੇ ਦੀ ਆੜ ਵਿੱਚ ਕਥਿਤ ਅਸ਼ਲੀਲ ਸਵਾਲ ਪੁੱਛਣ, ਅਸ਼ਲੀਲ ਹਰਕਤਾਂ ਕਰਨ ਤੇ ਇਤਰਾਜ਼ਯੋਗ ਤਸਵੀਰਾਂ ਖਿੱਚਣ ਦਾ ਦੋਸ਼ ਲਾਇਆ ਸੀ। ਪੁਲੀਸ ਨੇ 17 ਮਾਰਚ ਨੂੰ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਦਿਆਂ ਇਸ ਮਾਮਲੇ ਵਿੱਚ ਨੈਨਸੀ ਘੁੰਮਣ, ਨਿਹਾਰਿਕਾ ਜੈਨ ਅਸਿਸਟੈਂਟ ਡਾਇਰੈਕਟਰ ਮਿਸ ਮੁਕਾਬਲੇ 2022-23, ਰਬਿੰਦਰ ਨਾਰਾਇਣ ਮੈਨੇਜਿੰਗ ਡਾਇਰੈਕਟਰ (ਪੀਟੀਸੀ ਚੈਨਲ), ਭੁਪਿੰਦਰ ਸਿੰਘ, ਹੋਟਲ ਦੇ ਮੈਨੇਜਿੰਗ ਡਾਇਰੈਕਟਰ ਤੇ ਨਿਰਮਾਤਾ ਲਕਸ਼ਮਣ ਅਤੇ 25 ਹੋਰ ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਸੀ।
ਗ੍ਰਿਫ਼ਤਾਰੀ ਸਿਆਸਤ ਤੋਂ ਪ੍ਰੇਰਿਤ: ਚੈਨਲ
ਨਵੀਂ ਦਿੱਲੀ(ਪੱਤਰ ਪ੍ਰੇਰਕ): ਪੀਟੀਸੀ ਚੈਨਲ ਨੇ ਆਪਣੇ ਐੱਮਡੀ ਦੀ ਗ੍ਰਿਫ਼ਤਾਰੀ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ। ਪੀਟੀਸੀ ਨੈੱਟਵਰਕ ਦੇ ਬੁਲਾਰੇ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਇਸ ਮਾਮਲੇ ਦੀ ਜਾਂਚ ਲਈ ਗਠਿਤ ‘ਸਿਟ’ ਐੱਮਡੀ ਰਬਿੰਦਰ ਨਰਾਇਣ ਦੇ ਬਿਆਨ ਪਹਿਲਾਂ ਹੀ ਦਰਜ ਕਰ ਚੁੱਕੀ ਹੈ। ਐੱਮਡੀ ਵੱਲੋਂ ਜਾਂਚ ਵਿੱਚ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਸੀ। ਮਾਮਲੇ ਨਾਲ ਜੁੜੀਆਂ ਜਾਣਕਾਰੀਆਂ ਵੀ ਪੁਲੀਸ ਨਾਲ ਸਾਂਝੀਆਂ ਕੀਤੀਆਂ ਗਈਆਂ ਸਨ।’’ ਉਧਰ ਪੱਤਰਕਾਰ ਭਾਈਚਾਰੇ ਨੇ ਟੀਵੀ ਚੈਨਲ ਦੇ ਐੱਮਡੀ ਦੀ ਗ੍ਰਿਫ਼ਤਾਰੀ ਨੂੰ ਪ੍ਰੈੱਸ ’ਤੇ ਹਮਲਾ ਕਰਾਰ ਦਿੱਤਾ ਹੈ। ਪੱਤਰਕਾਰਾਂ ਨੇ ਪੰਜਾਬ ਸਰਕਾਰ ’ਤੇ ਪ੍ਰੈੱਸ ਦੀ ਆਵਾਜ਼ ਨੂੰ ਦਬਾਉਣ ਦਾ ਦੋਸ਼ ਲਗਾਇਆ ਹੈ।