ਪੱਤਰ ਪ੍ਰੇਰਕ
ਬਠਿੰਡਾ, 2 ਅਕਤੂਬਰ
ਇਥੇ ਜੰਗਲਾਤ ਦਫ਼ਤਰ ਨਜ਼ਦੀਕ ਸ਼ਰਾਰਤੀ ਅਨਸਰਾਂ ਵੱਲੋਂ ਖ਼ਾਲਿਸਤਾਨ ਪੱਖੀ ਨਾਅਰੇ ਲਿਖੇ ਗਏ ਹਨ। ਥਾਣਾ ਥਰਮਲ ਦੀ ਮੁਖੀ ਸੁਖਵੀਰ ਕੌਰ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਸ਼ਰਾਰਤੀ ਅਨਸਰਾਂ ਨੇ ਪੰਜਾਬੀ ਵਿੱਚ ਲਿਖੇ ਨਾਅਰਿਆਂ ਹੇਠਾਂ ‘ਸਿੱਖਸ ਫਾਰ ਜਸਟਿਸ’ ਅੰਗਰੇਜ਼ੀ ਵਿੱਚ ਲਿਖਿਆ ਹੈ। ਘਟਨਾ ਦਾ ਪਤਾ ਲਗਦਿਆਂ ਹੀ ਸਥਾਨਕ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਖ਼ਾਲਿਸਤਾਨੀ ਨਾਅਰਿਆਂ ਨੂੰ ਮਿਟਾ ਦਿੱਤਾ। ਪਤਾ ਲੱਗਾ ਕਿ ਸਰਹਿੰਦ ਨਹਿਰ ਨਜ਼ਦੀਕ ਵੀ ਪਾਣੀ ਵਾਲੀਆਂ ਟੈਂਕੀਆਂ ਦੀਆਂ ਕੰਧਾਂ ਉੱਪਰ ਖ਼ਾਲਿਸਤਾਨੀ ਨਾਅਰੇ ਲਿਖੇ ਗਏ ਹਨ। ਇੱਥੋਂ ਵੱਡੀ ਗਿਣਤੀ ਸ਼ਹਿਰ ਦੇ ਲੋਕ ਪਾਣੀ ਭਰ ਕੇ ਲਿਜਾਂਦੇ ਹਨ। ਅੱਜ ਜਦੋਂ ਲੋਕ ਪਾਣੀ ਭਰਨ ਲਈ ਉੱਥੇ ਪੁੱਜੇ ਤਾਂ ਉਨ੍ਹਾਂ ਖ਼ਾਲਿਸਤਾਨੀ ਪੱਖੀ ਨਾਅਰੇ ਲਿਖੇ ਹੋਏ ਦੇਖੇ, ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ। ਇਸ ਤੋਂ ਇਲਾਵਾ ਸਿੱਖਸ ਫਾਰ ਜਸਟਿਸ ਦੇ ਆਗੂ ਨੇ ਇੱਕ ਵੀਡੀਓ ਜਾਰੀ ਕਰ ਕੇ ਦਾਅਵਾ ਕੀਤਾ ਹੈ ਕਿ ਬਠਿੰਡਾ ਦੇ ਜੰਗਲਾਤ ਵਿਭਾਗ ਦਫ਼ਤਰ ਦੇ ਬਾਹਰ ਖਾਲਿਸਤਾਨ ਪੱਖੀ ਨਾਅਰੇ ਸਿੱਖਸ ਫਾਰ ਜਸਟਿਸ ਵੱਲੋਂ ਲਿਖੇ ਗਏ ਹਨ। ਉਸ ਨੇ ਦਾਅਵਾ ਕੀਤਾ ਕਿ ਇਸ ਤੋਂ ਇਲਾਵਾ ਸਿੱਖ-ਮੁਸਲਮਾਨ ਭਾਈ-ਭਾਈ ਦੇ ਨਾਅਰੇ ਵੀ ਲਿਖੇ ਗਏ ਹਨ।