ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 8 ਅਕਤੂਬਰ
ਦਲਿਤ ਐਂਡ ਮਨਿਓਰਟੀ ਆਰਗੇਨਾਈਜੇਸ਼ਨ ਨੇ 100 ਸਾਲ ਪਹਿਲਾਂ ਵਾਪਰੀ ਇਕ ਇਤਿਹਾਸਕ ਘਟਨਾ ‘ਦਲਿਤ ਮੁੜ ਪ੍ਰਵੇਸ਼ ਸ੍ਰੀ ਹਰਿਮੰਦਰ ਸਾਹਿਬ’ ਮਨਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ਸਬੰਧੀ ਵੈਬਿਨਾਰ ਵੀ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਭੁਪਿੰਦਰ ਸਿੰਘ ਮੱਟੂ ਨੇ ਦੱਸਿਆ ਕਿ ਜਥੇਬੰਦੀ ਨੇ ਸੌ ਸਾਲ ਪਹਿਲਾਂ ਵਾਪਰੀ ਇਸ ਘਟਨਾ ਦੀ ਯਾਦ ਨੂੰ ਮਨਾਉਣ ਦਾ ਫ਼ੈਸਲਾ ਕੀਤਾ ਹੈ। ਇਸ ਪ੍ਰੋਗਰਾਮ ਦੇ ਪ੍ਰਬੰਧਕਾਂ ਵਿਚ ਡਾਕਟਰ ਰਾਜ ਕੁਮਾਰ ਹੰਸ, ਡਾਕਟਰ ਕਸ਼ਮੀਰ ਸਿੰਘ ਖੁੰਡਾ, ਪ੍ਰੋਫੈਸਰ ਮਨੀਸ਼ ਸਿੰਘ, ਡਾਕਟਰ ਨਿਰਮਲ ਸਿੰਘ, ਡਾਕਟਰ ਜਸਕਰਨ ਸਿੰਘ ਤੇ ਬਲਦੇਵ ਸਿੰਘ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ 12 ਅਕਤੂਬਰ ਨੂੰ ਜਥੇਬੰਦੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਵਿੱਚ ਮੱਥਾ ਟੇਕੇਗੀ ਅਤੇ ਕੜਾਹ ਪ੍ਰਸ਼ਾਦਿ ਦੀ ਦੇਗ ਕਰਵਾਈ ਜਾਵੇਗੀ। ਇਸ ਮਗਰੋਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਇਕ ਮੰਗ ਪੱਤਰ ਵੀ ਦਿੱਤਾ ਜਾਵੇਗਾ। ਸ੍ਰੀ ਮੱਟੂ ਨੇ ਸੌ ਸਾਲ ਪਹਿਲਾਂ ਵਾਪਰੀ ਘਟਨਾ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਅੰਗਰੇਜ਼ ਰਾਜ ਵੇਲੇ ਜਦੋਂ ਦਰਬਾਰ ਸਾਹਿਬ ’ਤੇ ਮਹੰਤ ਕਾਬਜ਼ ਸਨ ਤਾਂ ਉਨ੍ਹਾਂ ਨੇ ਦਲਿਤਾਂ ਨੂੰ ਨਾ ਸਿਰਫ਼ ਮੱਥਾ ਟੇਕਣ ਤੋਂ ਰੋਕਿਆ ਬਲਕਿ ਉਨ੍ਹਾਂ ਦਾ ਕੜਾਹ ਪ੍ਰਸ਼ਾਦਿ ਵੀ ਪ੍ਰਵਾਨ ਨਹੀਂ ਕੀਤਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਉਸ ਵੇਲੇ ਕੀਤੇ ਗਏ ਸੰਘਰਸ਼ ਮਗਰੋਂ 12 ਅਕਤੂਬਰ 1920 ਨੂੰ ਦਲਿਤਾਂ ਨੂੰ ਮੁੜ ਸ੍ਰੀ ਦਰਬਾਰ ਸਾਹਿਬ ’ਤੇ ਮੱਥਾ ਟੇਕਣ ਅਤੇ ਕੜਾਹ ਪ੍ਰਸ਼ਾਦਿ ਕਰਾਉਣ ਦੀ ਪ੍ਰਵਾਨਗੀ ਮਿਲੀ ਸੀ, ਜਿਸ ਮਗਰੋਂ ਇਸ ਦਿਨ ਨੂੰ ‘ਦਲਿਤ ਮੁੜ ਪ੍ਰਵੇਸ਼ ਸ੍ਰੀ ਹਰਿਮੰਦਰ ਸਾਹਿਬ’ ਦਿਹਾੜੇ ਵਜੋਂ ਮਨਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਚਾਰ ਅਕਤੂਬਰ ਤੋਂ ਦਸ ਅਕਤੂਬਰ ਤਕ ਵੈਬਿਨਾਰ ਵੀ ਕਰਾਏ ਜਾ ਰਹੇ ਹਨ। ਇਕ ਵੈਬਿਨਾਰ ਵਿਚ ਡਾ. ਰਾਜ ਕੁਮਾਰ ਹੰਸ, ਬੜੌਦਾ ਯੂਨੀਵਰਸਿਟੀ ਦੇ ਮਹਾਰਾਜਾ ਸਾਇਆ ਜੀ ਤੇ ਹੋਰ ਬੁਲਾਰਿਆਂ ਨੇ ਇਸ ਬਾਰੇ ਵਧੇਰੇ ਜਾਣਕਾਰੀ ਦਿੱਤੀ।