ਗਗਨਦੀਪ ਅਰੋੜਾ
ਲੁਧਿਆਣਾ, 10 ਅਕਤੂਬਰ
ਪੰਜਾਬ ਵਿੱਚ ਦਲਿਤ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਬਹੁਕਰੋੜੀ ਘੁਟਾਲੇ ਅਤੇ ਯੂ.ਪੀ. ਵਿੱਚ ਦਲਿਤ ਬੇਟੀਆਂ ਦੇ ਜਬਰ-ਜਨਾਹ ਮਾਮਲੇ ਖ਼ਿਲਾਫ਼ ਚੱਕਾ ਜਾਮ ਕਰਨ ਮੌਕੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਕੇਂਦਰ ਸਣੇ ਜਿਹੜੇ-ਜਿਹੜੇ ਸੂਬਿਆਂ ’ਚ ਵੀ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਹਨ ਉੱਥੇ ਦਲਿਤਾਂ ਅਤੇ ਘੱਟ ਗਿਣਤੀਆਂ ਨਾਲ ਧੱਕਾ ਹੋ ਰਿਹਾ ਹੈ ਅਤੇ ਉੱਥੋਂ ਦਾ ਪ੍ਰਸ਼ਾਸਨ ਪੀੜਤਾਂ ਦੀ ਥਾਂ ਕਥਿਤ ਦੋਸ਼ੀਆਂ ਦਾ ਸਾਥ ਦੇ ਰਿਹਾ ਹੈ।
ਇਸ ਤੋਂ ਪਹਿਲਾਂ ਸੰਤ ਸਮਾਜ ਅਤੇ ਦਲਿਤ ਜਥੇਬੰਦੀਆਂ ਵਲੋਂ ਦਿੱਤੇ ਗਏ ਬੰਦ ਦੇ ਸੱਦੇ ’ਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਵਿੱਚ ਇੱਥੇ ਜਲੰਧਰ ਬਾਈਪਾਸ ’ਤੇ ਚੱਕਾ ਜਾਮ ਕੀਤਾ ਗਿਆ। ਰੋਸ ਮਾਰਚ ਦੀ ਅਗਵਾਈ ਸੰਤ ਸਮਾਜ ਦੇ ਆਗੂ ਸੁਖਵਿੰਦਰ ਸਿੰਘ ਹੀਰਾ ਅਤੇ ਸਰਵਣ ਦਾਸ ਨੇ ਕੀਤੀ।
ਇਸ ਮੌਕੇ ਵਿਧਾਇਕ ਬੈਂਸ ਨੇ ਕਿਹਾ ਕਿ ਜਿੱਥੇ ਯੂ.ਪੀ. ਸਰਕਾਰ ਦਲਿਤ ਬੇਟੀਆਂ ਦੀ ਕਾਤਲ ਸਾਬਤ ਹੋ ਰਹੀ ਹੈ ਉੱਥੇ ਪੰਜਾਬ ਸਰਕਾਰ ਦਲਿਤ ਵਿਦਿਆਰਥੀਆਂ ਦੇ ਭਵਿੱਖ ਦੀ ਕਾਤਲ ਸਾਬਤ ਹੋਈ ਹੈ। ਉਨ੍ਹਾਂ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਕਥਿਤ ਘੁਟਾਲੇ ’ਚ ਪੰਜਾਬ ਸਰਕਾਰ ਤੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਕਾਰਵਾਈ ਤੇ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਏਜੰਸੀ ਸੀਬੀਆਈ ਨੂੰ ਦੇਣ ਦੀ ਮੰਗ ਕੀਤੀ। ਸ੍ਰੀ ਬੈਂਸ ਨੇ ਕਿਹਾ ਕਿ ਉਹ ਸੰਤ ਸਮਾਜ ਅਤੇ ਦਲਿਤ ਜਥੇਬੰਦੀਆਂ ਨਾਲ ਮਿਲ ਕੇ ਮੰਤਰੀ ਦੀ ਬਰਖ਼ਾਸਤਗੀ ਤੇ ਦਲਿਤ ਵਿਦਿਆਰਥੀਆਂ ਦੇ ਹੱਕ ਮਿਲਣ ਤੱਕ ਸੰਘਰਸ਼ ਜਾਰੀ ਰੱਖਣਗੇ।