ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 20 ਅਪਰੈਲ
ਫ਼ਰੀਦਕੋਟ ਦੇ ਮਿੰਨੀ ਸਕੱਤਰੇਤ ਵਿੱਚ ਪ੍ਰਸ਼ਾਸਨ ਦੀ ਸ਼ਹਿ ’ਤੇ ਲੱਗੇ ਕਥਿਤ ਗ਼ੈਰਕਾਨੂੰਨੀ ਨਾਕੇ ਨੂੰ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਹੁਕਮਾਂ ਤੋਂ ਬਾਅਦ ਵੀ ਨਹੀਂ ਚੁੱਕਿਆ ਗਿਆ। ਚਾਰ ਮਹੀਨੇ ਪਹਿਲਾਂ ਇੱਥੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿੱਚ ਇਹ ਮੁੱਦਾ ਉੱਠਿਆ ਸੀ ਕਿ ਪ੍ਰਸ਼ਾਸਨ ਨੇ ਸਕੱਤਰੇਤ ਨਾਲ ਦੀ ਲੰਘਦੀ ਸੜਕ ਉੱਪਰ ਦੋ ਪਾਸੇ ਗਲਤ ਤਰੀਕੇ ਨਾਲ ਟੌਲ ਪਲਾਜ਼ੇ ਲਾਏ ਹਨ। ਇੱਥੇ ਤਾਇਨਾਤ ਕਰਿੰਦਿਆਂ ਵੱਲੋਂ ਅਨਾਜ ਮੰਡੀ, ਪਟਵਾਰਖਾਨਾ ਅਤੇ ਬੀਐੱਸਐੱਨਐੱਲ ਆਦਿ ਦੇ ਦਫਤਰਾਂ ਵਿੱਚ ਜਾਣ ਵਾਲੇ ਕਿਸਾਨਾਂ ਤੋਂ ਪਾਰਕਿੰਗ ਦੇ ਨਾਂ ’ਤੇ ਪਰਚੀਆਂ ਕੱਟੀਆਂ ਜਾਂਦੀਆਂ ਹਨ, ਜਦੋਂਕਿ ਕੋਈ ਵੀ ਕਿਸਾਨ ਜਾਂ ਹੋਰ ਵਿਅਕਤੀ ਇੱਥੇ ਆਪਣਾ ਵਾਹਨ ਪਾਰਕ ਨਹੀਂ ਕਰਦਾ।
ਫ਼ਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿੱਚ ਇਨ੍ਹਾਂ ਗ਼ੈਰਕਾਨੂੰਨੀ ਨਾਕਿਆਂ ਨੂੰ ਚੁੱਕਣ ਦੀ ਹਦਾਇਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਅੱਜ ਹੀ ਗੱਲ ਕਰਨਗੇ। ਦੂਜੇ ਪਾਸੇ ‘ਆਪ’ ਦੇ ਸੂਬਾ ਆਗੂ ਗੁਰਦਿੱਤ ਸਿੰਘ ਸੇਖੋਂ ਅਤੇ ਜ਼ਿਲ੍ਹਾ ਪ੍ਰਧਾਨ ਸੁਖਜੀਤ ਸਿੰਘ ਢਿੱਲਵਾਂ ਨੇ ਕਿਹਾ ਕਿ ਜੇਕਰ ਤੁਰੰਤ ਇਸ ਗ਼ੈਰਕਾਨੂੰਨੀ ਟੌਲ ਪਲਾਜ਼ੇ ਨੂੰ ਨਹੀਂ ਹਟਾਇਆ ਜਾਂਦਾ ਤਾਂ ਜਨਤਕ ਤੇ ਕਾਨੂੰਨੀ ਲੜਾਈ ਲੜੀ ਜਾਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਗ਼ਰੀਬ ਤੇ ਮਜਬੂਰ ਲੋਕਾਂ ਤੋਂ ਧੱਕੇ ਨਾਲ ਪਾਰਕਿੰਗ ਦੇ ਨਾਮ ’ਤੇ ਪੈਸੇ ਲਏ ਜਾ ਰਹੇ ਹਨ ਜਦੋਂ ਕਿ ਇਹ ਸੜਕ ਆਮ ਰਸਤਾ ਹੈ।