ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਸਤੰਬਰ
ਮੁੱਖ ਮੰਤਰੀ ਖ਼ਿਲਾਫ਼ ਬਾਗੀ ਸੁਰ ਰੱਖਣ ਵਾਲੇ ਮਾਝੇ ਦੇ ਵਜ਼ੀਰਾਂ ਦੀ ਜੋੜੀ ਨੇ ਅੱਜ ਮੋੜਵੀਂ ਚਿੱਠੀ ਲਿਖ ਕੇ ਕੈਪਟਨ ਅਮਰਿੰਦਰ ਸਿੰਘ ਦੇ ਗੁੱਝੀਆਂ ਸਿਆਸੀ ਹੁੱਜਾਂ ਮਾਰੀਆਂ ਹਨ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਦੇ ਵਜ਼ੀਰਾਂ ਨੂੰ ਨਾ ਮਿਲਣ ਅਤੇ ਪ੍ਰਤਾਪ ਸਿੰਘ ਬਾਜਵਾ ਦੇ ਅਮਰਿੰਦਰ ਸਿੰਘ ਨਾਲ ਪੁਰਾਣੇ ਸਮੇਂ ਦੌਰਾਨ ਰਹੇ ਖਟਾਸ ਵਾਲੇ ਸਬੰਧਾਂ ਬਾਰੇ ਵਿਅੰਗ ਵੀ ਕਸੇ ਹਨ।
ਚੇਤੇ ਰਹੇ ਕਿ ਇਨ੍ਹਾਂ ਵਜ਼ੀਰਾਂ ਵੱਲੋਂ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਬਟਾਲਾ ਨੂੰ ਜ਼ਿਲ੍ਹਾ ਬਣਾਏ ਜਾਣ ਦੀ ਮੰਗ ਕੀਤੀ ਗਈ ਸੀ ਜਿਸ ਦੇ ਜੁਆਬ ਵਿਚ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਬਟਾਲਾ ਨੂੰ ਜ਼ਿਲ੍ਹਾ ਬਣਾਏ ਜਾਣ ਦੀ ਮੰਗ ਪਹਿਲਾਂ ਹੀ ਉਠਾਏ ਜਾਣ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਕਿ ਬਟਾਲਾ ਨੂੰ ਜ਼ਿਲ੍ਹਾ ਬਣਾਉਣਾ ਪਹਿਲਾਂ ਹੀ ਵਿਚਾਰ ਅਧੀਨ ਹੈ। ਅੱਜ ਮੋੜਵੇਂ ਜੁਆਬ ਵਿਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਰੰਧਾਵਾ ਵੱਲੋਂ ਮੁੜ ਚਿੱਠੀ ਲਿਖੀ ਗਈ ਹੈ। ਦੋਵਾਂ ਵਜ਼ੀਰਾਂ ਨੇ ਚਿੱਠੀ ਵਿਚ ਸਪੱਸ਼ਟ ਇਸ਼ਾਰਾ ਕੀਤਾ ਹੈ ਕਿ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦਾ ਸਿਹਰਾ ਜਿਸ ਨੂੰ ਮਰਜ਼ੀ ਦੇ ਦਿਓ ਪਰ ਬਟਾਲਾ ਨੂੰ ਜ਼ਿਲ੍ਹਾ ਬਣਾ ਦਿਓ। ਉਨ੍ਹਾਂ ਦਾ ਸਰੋਕਾਰ ਤਾਂ ਸਿਰਫ਼ ਬਟਾਲਾ ਨੂੰ ਜ਼ਿਲ੍ਹੇ ਵਜੋਂ ਦੇਖਣਾ ਹੈ। ਉਨ੍ਹਾਂ ਮੁੱਖ ਮੰਤਰੀ ਵੱਲੋਂ ਬਟਾਲਾ ਨੂੰ ਜ਼ਿਲ੍ਹਾ ਬਣਾਏ ਜਾਣ ਲਈ ਦਿਖਾਈ ਗੰਭੀਰਤਾ ’ਤੇ ਤਸੱਲੀ ਵੀ ਪ੍ਰਗਟ ਕੀਤੀ। ਦੋਵੇਂ ਵਜ਼ੀਰਾਂ ਨੇ ਚਿੱਠੀ ਵਿਚ ਹੈਰਾਨੀ ਜ਼ਾਹਿਰ ਕੀਤੀ ਕਿ ਮੁੱਖ ਮੰਤਰੀ ਤੱਕ ਸਿੱਧੀ ਪਹੁੰਚ ਰੱਖਣ ਵਾਲੇ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਚਿੱਠੀ ਲਿਖਣ ਦੀ ਲੋੜ ਕਿਉਂ ਪਈ। ਵਜ਼ੀਰਾਂ ਨੇ ਕਿਹਾ ਕਿ ਜਦੋਂ ਪ੍ਰਤਾਪ ਸਿੰਘ ਬਾਜਵਾ ਦੀ ਮੁੱਖ ਮੰਤਰੀ ਨਾਲੋਂ ਦੂਰੀ ਬਣੀ ਹੋਈ ਸੀ, ਉਦੋਂ ਤਾਂ ਪ੍ਰਤਾਪ ਬਾਜਵਾ ਚਿੱਠੀਆਂ ਜ਼ਰੀਏ ਮੁੱਖ ਮੰਤਰੀ ਨਾਲ ਗੱਲਾਂ ਕਰਦੇ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਚੇਤੇ ਕਰਾਉਣ ਦੀ ਲੋੜ ਨਹੀਂ ਕਿ ਇਹ ਚਿੱਠੀਆਂ ਕਾਂਗਰਸ ਪਾਰਟੀ ਤੇ ਸਰਕਾਰ ਦੀ ਬਦਨਾਮੀ ਦਾ ਸਬੱਬ ਬਣਦੀਆਂ ਰਹੀਆਂ ਹਨ। ਮੁੱਖ ਮੰਤਰੀ ਤੱਕ ਚਿੱਠੀ ਪਹੁੰਚਣ ਤੋਂ ਪਹਿਲਾਂ ਚਿੱਠੀ ਅਖ਼ਬਾਰਾਂ ਰਾਹੀਂ ਜਨਤਕ ਕਰ ਦਿੱਤੀ ਜਾਂਦੀ ਸੀ। ਵਜ਼ੀਰਾਂ ਨੇ ਕਿਹਾ ਕਿ ਹੁਣ ਤਾਂ ਪ੍ਰਤਾਪ ਬਾਜਵਾ ਦੀ ਮੁੱਖ ਮੰਤਰੀ ਤੱਕ ਸਿੱਧੀ ਪਹੁੰਚ ਹੈ ਜਿਸ ਕਰਕੇ ਚਿੱਠੀ ਲਿਖਣ ਦੀ ਲੋੜ ਨਹੀਂ ਪੈਣੀ ਚਾਹੀਦੀ ਸੀ। ਦੋਵੇਂ ਵਜ਼ੀਰਾਂ ਨੇ ਆਪਣੇ ਵੱਲੋਂ ਲਿਖੀ ਚਿੱਠੀ ’ਤੇ ਸਫਾਈ ਦਿੰਦਿਆਂ ਕਿਹਾ ਕਿ ‘ਉਨ੍ਹਾਂ ਨੂੰ ਇਸ ਲਈ ਚਿੱਠੀ ਲਿਖਣ ਦਾ ਸਾਧਨ ਅਪਣਾਉਣਾ ਪਿਆ, ਕਿਉਂਕਿ ਮੁੱਖ ਮੰਤਰੀ ਨੇ ਲੰਬੇ ਸਮੇਂ ਤੋਂ ਮਿਲਾਪ ਬੰਦ ਕੀਤਾ ਹੋਇਆ ਹੈ। ਕੈਬਨਿਟ ਮੀਟਿੰਗਾਂ ਵੀ ਵੀਡੀਓ ਕਾਨਫਰੰਸ ਰਾਹੀਂ ਕਰ ਰਹੇ ਹਨ, ਇਸ ਕਰਕੇ ਚਿੱਠੀ ਲਿਖਣ ਤੋਂ ਬਿਨਾਂ ਤੁਹਾਡੇ ਤੱਕ ਗੱਲ ਕਰਨ ਦਾ ਕੋਈ ਸਾਧਨ ਨਹੀਂ ਬਚਿਆ ਸੀ।’
ਮਾਝੇ ਦੇ ਵਜ਼ੀਰਾਂ ਨੇ ਮੁੱਖ ਮੰਤਰੀ ਨੂੰ ਚਿੱਠੀ ’ਚ ਚੇਤੇ ਕਰਾਇਆ ਕਿ ਕੈਬਨਿਟ ਮੀਟਿੰਗ ਵਿਚ ਮਾਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦੇ ਫੈਸਲੇ ਸਮੇਂ ਉਨ੍ਹਾਂ ਅਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੱਲੋਂ ਬਟਾਲਾ ਨੂੰ ਜ਼ਿਲ੍ਹੇ ਬਣਾਏ ਜਾਣ ਦੀ ਮੰਗ ਉਠਾਈ ਗਈ ਸੀ। ਉਨ੍ਹਾਂ ਮੰਗ ਕੀਤੀ ਕਿ ਬਟਾਲਾ ਨੂੰ ਫੌਰੀ ਜ਼ਿਲ੍ਹਾ ਬਣਾਇਆ ਜਾਵੇ।
ਫਗਵਾੜਾ ਨੂੰ ਵੀ ਜ਼ਿਲ੍ਹਾ ਬਣਾਉਣ ਦੀ ਮੰਗ ਉੱਠਣ ਲੱਗੀ
ਬਟਾਲੇ ਤੋਂ ਮਗਰੋਂ ਹੁਣ ਫਗਵਾੜਾ ਨੂੰ ਜ਼ਿਲ੍ਹੇ ਬਣਾਏ ਜਾਣ ਦੀ ਮੰਗ ਉੱਠਣ ਲੱਗੀ ਹੈ। ਪਤਾ ਲੱਗਾ ਹੈ ਕਿ ਭਾਜਪਾ ਤਰਫ਼ੋਂ ਬੁੱਧਵਾਰ ਨੂੰ ਫਗਵਾੜਾ ਨੂੰ ਜ਼ਿਲ੍ਹੇ ਬਣਾਏ ਜਾਣ ਦੀ ਮੰਗ ਉਠਾਏ ਜਾਣ ਦੀ ਸੰਭਾਵਨਾ ਹੈ। ਸੂਤਰ ਦੱਸਦੇ ਹਨ ਕਿ ਇਹ ਮੰਗ ਕਿਸੇ ਕੇਂਦਰੀ ਮੰਤਰੀ ਵੱਲੋਂ ਉਠਾਏ ਜਾਣ ਦੇ ਚਰਚੇ ਹਨ।