ਮੁੱਖ ਅੰਸ਼
- ਖਣਨ ਲਈ ਵਰਤੀ ਜਾ ਰਹੀ ਪੋਕਲੇਨ ਮਸ਼ੀਨ ਕਬਜ਼ੇ ’ਚ ਲਈ
- ਮਸ਼ੀਨ ਦੇ ਅਣਪਛਾਤੇ ਮਾਲਕ ਵਿਰੁੱਧ ਕੇਸ ਦਰਜ
ਜਗਮੋਹਨ ਸਿੰਘ
ਰੂਪਨਗਰ, 11 ਜੂਨ
ਖਣਨ ਵਿਭਾਗ ਦੇ ਅਧਿਕਾਰੀਆਂ ਵੱਲੋਂ ਪੁਲੀਸ ਚੌਕੀ ਪੁਰਖਾਲੀ ਅਧੀਨ ਪੈਂਦੇ ਘਾੜ ਇਲਾਕੇ ਦੇ ਪਿੰਡ ਬਬਾਨੀ ਵਿੱਚ ਰਾਤ ਦੇ ਹਨੇਰੇ ’ਚ ਛਾਪਾ ਮਾਰ ਕੇ ਖਣਨ ਲਈ ਵਰਤੀ ਜਾ ਰਹੀ ਪੋਕਲੇਨ ਮਸ਼ੀਨ ਨੂੰ ਕਬਜ਼ੇ ਵਿੱਚ ਲੈ ਕੇ ਮਸ਼ੀਨ ਦੇ ਨਾਮਾਲੂਮ ਮਾਲਕ ਵਿਰੁੱਧ ਕੇਸ ਦਰਜ ਕਰਵਾਇਆ ਗਿਆ ਹੈ।
ਇਸ ਸਬੰਧੀ ਜੇ.ਈ.-ਕਮ-ਮਾਈਨਿੰਗ ਇੰਸਪੈਕਟਰ ਰੂਪਨਗਰ ਕਨਵਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਪ੍ਰਾਪਤ ਹੋਈ ਸੀ ਪੁਰਖਾਲੀ ਇਲਾਕੇ ਦੇ ਪਿੰਡ ਬਬਾਨੀ ਵਿੱਚ ਰਾਤ ਦੇ ਹਨੇਰੇ ਵਿੱਚ ਗੈਰ-ਕਾਨੂੰਨੀ ਤੌਰ ’ਤੇ ਖਣਨ ਕੀਤਾ ਜਾ ਰਿਹਾ ਹੈ। ਖਣਨ ਇੰਸਪੈਕਟਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਟੀਮ ਵੱਲੋਂ ਸ਼ਿਕਾਇਤ ਦੇ ਆਧਾਰ ’ਤੇ ਮੌਕੇ ’ਤੇ ਜਾ ਕੇ ਚੈਕਿੰਗ ਕੀਤੀ ਗਈ ਤਾਂ ਇੱਕ ਪੋਕਲੇਨ ਮਸ਼ੀਨ ਟਿੱਪਰ ਭਰਦੀ ਹੋਈ ਦਿਖਾਈ ਦਿੱਤੀ ਅਤੇ ਵਿਭਾਗ ਦੀ ਟੀਮ ਨੂੰ ਦੇਖ ਕੇ ਜਿੱਥੇ ਮਸ਼ੀਨ ਚਾਲਕ ਮਸ਼ੀਨ ਮੌਕੇ ’ਤੇ ਛੱਡ ਕੇ ਫ਼ਰਾਰ ਹੋ ਗਿਆ, ਉੱਥੇ ਹੀ ਟਿੱਪਰ ਚਾਲਕ ਸਣੇ ਟਿੱਪਰ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇ ਮਸ਼ੀਨ ਨੂੰ ਕਬਜ਼ੇ ਵਿੱਚ ਲੈ ਕੇ ਮਸ਼ੀਨ ਦੇ ਚਾਲਕ ਅਤੇ ਮਾਲਕ ਤੋਂ ਇਲਾਵਾ ਫ਼ਰਾਰ ਹੋਏ ਟਿੱਪਰ ਚਾਲਕ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।