ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 3 ਮਈ
ਪੰਜਾਬ ਵਿਜੀਲੈਂਸ ਬਿਊਰੋ ਨੇ ਮੁਹਾਲੀ ਦੀ ਮਾਈਨਿੰਗ ਅਫ਼ਸਰ ਸਿਮਰਪ੍ਰੀਤ ਕੌਰ ਢਿੱਲੋਂ, ਦਫ਼ਤਰੀ ਕਲਰਕ ਅਮਨ ਸਿੰਘ ਅਤੇ ਮਾਈਨਿੰਗ ਗਾਰਡ ਪਾਲ ਸਿੰਘ ਉਰਫ਼ ਪਾਲਾ ਨੂੰ 25 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੂੰ ਡੀਐੱਸਪੀ ਅਜੈ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਸਨਅਤੀ ਖੇਤਰ ਮੁਹਾਲੀ ਸਥਿਤ ਦਫ਼ਤਰ ਵਿੱਚੋਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਖਣਨ ਅਫ਼ਸਰ, ਕਲਰਕ ਅਤੇ ਗਾਰਡ ਵਿਰੁੱਧ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਅੱਜ ਦੇਰ ਸ਼ਾਮ ਡੀਐੱਸਪੀ ਅਜੈ ਕੁਮਾਰ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਨੂੰ ਪਿਛਲੇ ਕਾਫ਼ੀ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਖਣਨ ਵਿਭਾਗ ਦੇ ਅਫ਼ਸਰ ਕਥਿਤ ਤੌਰ ’ਤੇ ਰਿਸ਼ਵਤ ਲੈ ਕੇ ਨਾਜਾਇਜ਼ ਖਣਨ ਕਰਵਾ ਰਹੇ ਹਨ ਅਤੇ ਕਈ ਖਣਨ ਅਫ਼ਸਰਾਂ ਨੇ ਪੱਕੇ ਮਹੀਨੇ ਬੰਨ੍ਹੇ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਪੀੜਤ ਬਲਜਿੰਦਰ ਸਿੰਘ ਦੀ ਸ਼ਿਕਾਇਤ ’ਤੇ ਕਾਰਵਾਈ ਕੀਤੀ ਗਈ ਹੈ। ਸ਼ਿਕਾਇਤਕਰਤਾ ਦਾ ਆਨੰਦਪੁਰ ਸਾਹਿਬ ਇਲਾਕੇ ਵਿੱਚ ਸਟੋਨ ਕਰੈਸ਼ਰ ਹੈ। ਮਾਈਨਿੰਗ ਅਫ਼ਸਰ ਵੱਲੋਂ ਉਸ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਮੁਲਜ਼ਮਾਂ ਨੇ ਪੀੜਤ ਕੋਲੋਂ 40 ਹਜ਼ਾਰ ਰੁਪਏ ਰਿਸ਼ਵਤ ਮੰਗੀ ਸੀ, ਜਿਸ ਤੋਂ ਉਹ 15 ਹਜ਼ਾਰ ਰੁਪਏ ਪਹਿਲਾਂ ਹੀ ਵਸੂਲ ਚੁੱਕੇ ਹਨ ਅਤੇ ਅੱਜ 25 ਹਜ਼ਾਰ ਦੀ ਦੂਜੀ ਕਿਸ਼ਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਖਣਨ ਅਫ਼ਸਰ ਦੀ ਸੈਕਟਰ-51 ਸਥਿਤ ਰਿਹਾਇਸ਼ ’ਤੇ ਵਿਜੀਲੈਂਸ ਨੇ ਛਾਪਾ ਮਾਰ ਕੇ ਕਈ ਅਹਿਮ ਦਸਤਾਵੇਜ ਕਬਜ਼ੇ ਵਿੱਚ ਲਏ ਹਨ। ਮੁਲਜ਼ਮਾਂ ਨੂੰ ਭਲਕੇ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।