ਜਗਜੀਤ ਸਿੰਘ
ਮੁਕੇਰੀਆਂ, 21 ਜੁਲਾਈ
ਉੱਪ ਮੰਡਲ ਅਧੀਨ ਪੈਂਦੇ ਹਾਜੀਪੁਰ ਤੇ ਤਲਵਾੜਾ ਖੇਤਰ ਵਿੱਚ ਕੋਈ ਵੀ ਖੱਡ ਨਿਲਾਮ ਨਾ ਹੋਣ ਦੇ ਬਾਵਜੂਦ ਹੋ ਰਹੀ ਨਾਜਾਇਜ਼ ਖਣਨ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਤਬਾਹ ਕਰ ਰਹੀ ਹੈ ਪਰ ਮਾਈਨਿੰਗ ਤੇ ਪੁਲੀਸ ਅਧਿਕਾਰੀਆਂ ਇਸ ਸਬੰਧੀ ਚੁੱਪ ਵੱਟੀ ਹੋਈ ਹੈ। ‘ਖਣਨ ਰੋਕੋ ਜ਼ਮੀਨ ਬਚਾਓ’ ਸੰਘਰਸ਼ ਕਮੇਟੀ ਦੇ ਆਗੂ ਧਰਮਿੰਦਰ ਸਿੰਘ ਸਿੰਬਲੀ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਰਾਹੀਂ ਜ਼ਿਲ੍ਹਾ ਪ੍ਰਸ਼ਾਸਨ ’ਤੇ ਉਂਗਲ ਚੁੱਕੀ ਹੈ।
ਵੀਡੀਓ ਵਿੱਚ ਸੰਘਰਸ਼ ਕਮੇਟੀ ਦੇ ਆਗੂ ਧਰਮਿੰਦਰ ਸਿੰਬਲੀ ਨੇ ਪਿੰਡ ਬੱਧਣ ਬਰਿਆਣਾ ਨੇੜੇ ਦਿਨ ਦਿਹਾੜੇ ਹੋ ਰਹੀ ਕਰੀਬ 100 ਫੁੱਟ ਡੂੰਘੇ ਖਣਨ ਬਾਰੇ ਦੱਸਿਆ ਹੈ। ਧਰਮਿੰਦਰ ਸਿੰਬਲੀ ਨੇ ਦੱਸਿਆ ਕਿ ਨਾਜਾਇਜ਼ ਖਣਨ ਕਾਰਨ ਪਿੰਡ ਧਾਮੀਆਂ, ਜੀਵਨਵਾਲ, ਮੋਹਰੀ ਚੱਕ, ਬੱਧਣ, ਬਰਿਆਣਾ, ਦੇਵਲ, ਕਲੇਰਾਂ ਸਮੇਤ 40 ਪਿੰਡਾਂ ਦੀ 1000 ਏਕੜ ਤੋਂ ਵੱਧ ਉਪਜਾਊ ਜ਼ਮੀਨ ਤਬਾਹ ਹੋ ਗਈ ਹੈ। ਹਾਜੀਪੁਰ ਵਿਚਲੇ 11 ਕਰੱਸ਼ਰ, ਝੀਰ ਦੀ ਖੂਹ ਦੇ ਆਸ-ਪਾਸ 5 ਅਤੇ ਤਲਵਾੜਾ ਨੇੜਲੇ ਕਰੀਬ 7 ਕਰੱਸ਼ਰਾਂ ਦੀ ਕੋਲ ਮਾਈਨ ਵਿੱਚ ਵਰਤੀ ਜਾਣ ਵਾਲੀ ਮਸ਼ੀਨਰੀ ਬੇਰੋਕ ਸ਼ਿਵਾਲਿਕ ਪਹਾੜੀਆਂ ਸਮੇਤ ਸਵਾਂ ਤੇ ਬਿਆਸ ਦਰਿਆ ਨੂੰ ਤਬਾਹ ਕਰ ਰਹੀ ਹੈ।
ਇਲਾਕੇ ਦੀ ਸੁਖਚੈਨਪੁਰ ਖੱਡ ਦੀ ਨਿਲਾਮੀ 2016 ਵਿੱਚ ਅਤੇ ਬੇਲਾ ਸਰਿਆਣਾ ਦੀ ਖੱਡ ਦੀ ਨਿਲਾਮੀ ਸਾਲ 2018-19 ਵਿੱਚ ਰੱਦ ਹੋ ਚੁੱਕੀ ਹੈ। ਇਸ ਦੇ ਬਾਵਜੂਦ ਚੱਲਦਾ ਨਾਜਾਇਜ਼ ਖਣਨ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀਸ ਅਧਿਕਾਰੀਆਂ ਦੀ ਕਾਰਗੁਜ਼ਾਰੀ ’ਤੇ ਵੱਡੇ ਸਵਾਲ ਖੜ੍ਹਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਦੇ ਹੋਂਦ ਵਿੱਚ ਆਉਣ ’ਤੇ ਕੁਝ ਸਮਾਂ ਨਾਜਾਇਜ਼ ਖਣਨ ’ਤੇ ਲਗਾਮ ਲੱਗਾ ਸੀ ਪਰ ਬਾਅਦ ਵਿੱਚ ਪੁਲੀਸ ਅਧਿਕਾਰੀਆਂ ਦੀ ਮਿਲੀਭੁਗਤ ਮਗਰੋਂ ਇਲਾਕੇ ਵਿੱਚ ਧੜੱਲੇ ਨਾਲ ਮਾਈਨਿੰਗ ਮਾਫੀਆ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਤਬਾਹ ਕਰ ਰਿਹਾ ਹੈ।
ਇਸ ਸਬੰਧੀ ਮਾਈਨਿੰਗ ਵਿਭਾਗ ਦੇ ਐਕਸੀਐੱਨ ਸੁਖਵਿੰਦਰ ਕਲਸੀ ਨੇ ਫੋਨ ਨਹੀਂ ਚੁੱੱਕਿਆ। ਡੀਐੱਸਪੀ ਮੁਕੇਰੀਆਂ ਰਵਿੰਦਰ ਸਿੰਘ ਨੇ ਫੋਨ ’ਤੇ ਸੰਘਰਸ਼ ਕਮੇਟੀ ਵੱਲੋਂ ਲਗਾਏ ਦੋਸ਼ ਸੁਣਨ ਤੋਂ ਬਾਅਦ ਇੱਕ ਘੰਟੇ ਬਾਅਦ ਗੱਲ ਕਰਨ ਦਾ ਆਖ ਕੇ ਮੁੜ ਫੋਨ ਚੁੱਕਣਾ ਬੰਦ ਕਰ ਦਿੱਤਾ।
ਜਾਂਚ ਮਗਰੋਂ ਹੋਵੇਗੀ ਕਾਰਵਾਈ: ਐੱਸਐੱਸਪੀ
ਐੱਸਐੱਸਪੀ ਗੌਰਵ ਗਰਗ ਨੇ ਕਿਹਾ ਕਿ ਉਹ ਸਾਰੇ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕਰਨਗੇ।