ਬਲਵਿੰਦਰ ਰੈਤ
ਨੂਰਪੁਰ ਬੇਦੀ, 24 ਫਰਵਰੀ
ਪਿੰਡ ਪਲਾਟਾ ਦੇ ਸਰਪੰਚ ਤੇ ਇਕ ਹੋਰ ਵਿਅਕਤੀ ਖ਼ਿਲਾਫ਼ ਮਾਈਨਿੰਗ ਵਿਭਾਗ ਦੇ ਇਕ ਅਧਿਕਾਰੀ ਦੀ ਸ਼ਿਕਾਇਤ ’ਤੇ ਮਾਈਨਿੰਗ ਐਕਟ ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ’ਚ ਰਵਿੰਦਰ ਕੁਮਾਰ ਜੂਨੀਅਨ ਇੰਜਨੀਅਰ-ਕਮ-ਮਾਈਨਿੰਗ ਇੰਸਪੈਕਟਰ ਸ਼੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਉਸਨੂੰ ਪਿੰਡ ਪਲਾਟਾ ਦੇ ਮਦਨ ਲਾਲ ਪੁੱਤਰ ਦੁਰਗਾ ਦਾਸ ਨੇ ਨਾਜਾਇਜ਼ ਮਾਈਨਿੰਗ ਕੀਤੇ ਜਾਣ ਸਬੰਧੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਇਸ ਵਿਅਕਤੀ ਦੀ ਸ਼ਿਕਾਇਤ ਤੋਂ ਬਾਅਦ ਮੌਕਾ ਦੇਖਿਆ ਜਿੱਥੇ ਮੌਕੇ ’ਤੇ ਨਜਾਇਜ਼ ਮਾਈਨਿੰਗ ਕੀਤੀ ਗਈ ਸੀ ਪਰ ਮੌਕੇ ’ਤੇ ਕਿਸੇ ਵੀ ਪ੍ਰਕਾਰ ਦੀ ਕੋਈ ਮਸ਼ੀਨਰੀ ਮੌਜੂਦ ਨਹੀਂ ਸੀ। ਪੁਲੀਸ ਚੌਕੀ ਕਲਵਾਂ ਦੇ ਇੰਚਾਰਜ ਏਐੱਸਆਈ ਰਜਿੰਦਰ ਕੁਮਾਰ ਨੇ ਦੱਸਿਆ ਕਿ ਵਿਭਾਗ ਦੇ ਜੂਨੀਅਰ ਇੰਜਨੀਅਰ-ਕਮ-ਮਾਈਨਿੰਗ ਇੰਸਪੈਕਟਰ ਸ਼੍ਰੀ ਅਨੰਦਪੁਰ ਸਾਹਿਬ ਰਵਿੰਦਰ ਕੁਮਾਰ ਦੀ ਸ਼ਿਕਾਇਤ ’ਤੇ ਸੰਦੀਪ ਕੁਮਾਰ ਉਰਫ਼ ਵਿੱਕੀ ਸਰਪੰਚ ਪਿੰਡ ਪਲਾਟਾ, ਥਾਣਾ ਨੂਰਪੁਰਬੇਦੀ ਤੇ ਜਗਤਾਰ ਸਿੰਘ ਪੁੱਤਰ ਰਾਮ ਲਾਲ ਪਿੰਡ ਪਲਾਟਾ ਖ਼ਿਲਾਫ਼ ਮਾਈਨਿੰਗ ਐਂਡ ਮਿਨਰਲ (ਐੱਮਐੱਮ) ਐਕਟ-1957 ਤਹਿਤ ਕੇਸ ਦਰਜ ਕਰ ਲਿਆ ਹੈ। ਜਦੋਂਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।