ਜਲੰਧਰ (ਪਾਲ ਸਿੰਘ ਨੌਲੀ): ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਰੇਤ ਖਣਨ ਦੇ ਮਾਮਲੇ ਵਿਚ ਹੋਰ ‘ਵੱਡੇ ਬੰਦਿਆਂ’ ਨੂੰ ਸੰਮਨ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦਾ ਰਿਮਾਂਡ ਭਲਕੇ ਖਤਮ ਹੋ ਰਿਹਾ ਹੈ ਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰੇਤ ਖਣਨ ਦਾ ਮਾਮਲਾ ਇਕ ਵਾਰ ਫਿਰ ਕੇਂਦਰ ’ਚ ਆ ਗਿਆ ਹੈ ਤੇ ਈਡੀ ਵੱਲੋਂ ਕੁਝ ਰਾਜਸੀ ਆਗੂਆਂ ਅਤੇ ਇਸ ਧੰਦੇ ਨਾਲ ਜੁੜੇ ਦੋ ਠੇਕੇਦਾਰਾਂ ਨੂੰ ਵੀ ਸੰਮਨ ਭੇਜੇ ਜਾ ਰਹੇ ਹਨ। ਜਿਹੜੇ ਠੇਕੇਦਾਰਾਂ ਨੂੰ ਸੰਮਨ ਭੇਜੇ ਜਾ ਰਹੇ ਹਨ ਉਨ੍ਹਾਂ ਵਿਚੋਂ ਇਕ ਚੰਡੀਗੜ੍ਹ ਤੇ ਦੂਜਾ ਜੰਮੂ ਨਾਲ ਸਬੰਧਤ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਹਨੀ ਦਾ ਹੋਰ ਰਿਮਾਂਡ ਮੰਗਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿਉਂਕਿ ਪੁੱਛ ਪੜਤਾਲ ਦੌਰਾਨ ਉਹ ਸਹਿਯੋਗ ਨਹੀਂ ਦੇ ਰਿਹਾ ਜਿਸ ਕਰਕੇ ਅਜੇ ਹੋਰ ਸਪੱਸ਼ਟਤਾ ਨਾਲ ਗੱਲਾਂ ਸਾਹਮਣੇ ਨਹੀਂ ਆਈਆਂ। ਜਲੰਧਰ ਵਿਚਲੇ ਈਡੀ ਦੇ ਦਫ਼ਤਰ ਵਿਚ ਹੀ ਹਨੀ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ 3 ਫਰਵਰੀ ਦੀ ਅੱਧੀ ਰਾਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।