ਪਰਮਜੀਤ ਸਿੰਘ
ਫਾਜ਼ਿਲਕਾ, 10 ਮਈ
ਫ਼ਾਜ਼ਿਲਕਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਜਲਾਲਾਬਾਦ ਅਧੀਨ ਪਿੰਡ ਮੰਨੇਵਾਲਾ ਦੇ ਨੇੜੇ ਪੁਲ ਕੋਲ ਮਿੰਨੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਦੋ ਔਰਤਾਂ ਸਣੇ ਤਿੰਨ ਜਾਨਾਂ ਚਲੀਆਂ ਗਈਆਂ ਤੇ 50 ਕਰੀਬ ਜ਼ਖ਼ਮੀ ਹੋ ਗਏ। ਇਹ ਬੱਸ ਮੰਡੀ ਰੋੜਾਂਵਾਲੀ ਤੋਂ ਜਲਾਲਾਬਾਦ ਵੱਲ ਜਾ ਰਹੀ ਸੀ ਅਤੇ ਖੇਤਾਂ ਵਿੱਚ ਪਲਟ ਗਈ। ਹਾਦਸੇ ’ਚ ਹੁਣ ਤੱਕ ਤਿੰਨ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਪੁਸ਼ਟੀ ਹੋਈ ਹੈ।ਅੱਖੀਂ ਵੇਖਣ ਵਾਲਿਆਂ ਦਾ ਕਹਿਣਾ ਹੈ ਕਿ ਬੱਸ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਬੱਸ ਦਾ ਡਰਾਈਵਰ ਉਸ ਨੂੰ ਕਾਬੂ ਵਿੱਚ ਨਹੀਂ ਕਰ ਸਕਿਆ ਤੇ ਬੱਸ ਖੇਤਾਂ ਵਿੱਚ ਜਾ ਕੇ ਪਲਟ ਗਈ। ਪੁਲੀਸ ਨੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।