ਬੀ ਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 9 ਮਈ
ਸ੍ਰੀ ਆਨੰਦਪੁਰ ਸਾਹਿਬ-ਨੰਗਲ ਮੁੱਖ ਮਾਰਗ ’ਤੇ ਸਥਿਤ ਐੱਚ ਪੀ ਗੈੱਸ ਏਜੰਸੀ ਦੇ ਨਜ਼ਦੀਕ ਬਣੇ ਸ਼ੋਅਰੂਮ ‘ਪਿਟਾਰਾ ਗਿਫ਼ਟ ਹਾਊਸ’ ਵਿੱਚ ਚੋਰਾਂ ਵੱਲੋਂ ਲੱਖਾਂ ਰੁਪਏ ਦੇ ਸਾਮਾਨ ਦੀ ਚੋਰੀ ਕਰ ਲਿਆ ਗਿਆ ਹੈ। ਘਟਨਾ ਸਬੰਧੀ ਦੁਕਾਨ ਦੇ ਮਾਲਕ ਸਰਬਜੀਤ ਸਿੰਘ ਰੈਣੂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਚੋਰੀ ਸਬੰਧੀ ਅੱਜ ਸਵੇਰੇ ਉਦੋਂ ਪਤਾ ਲੱਗਾ ਜਦੋਂ ਉਨ੍ਹਾਂ ਆਪਣੀ ਦੁਕਾਨ ਖੋਲ੍ਹੀ। ਉਨ੍ਹਾਂ ਦੱਸਿਆ ਕਿ ਚੋਰ ਦੁਕਾਨ ਦੀ ਉਪਰਲੀ ਮੰਜ਼ਿਲ ’ਤੇ ਪਿਛਲੇ ਪਾਸਿਓਂ ਬਣੇ ਲੋਹੇ ਦੇ ਦਰਵਾਜ਼ੇ ਨੂੰ ਕੱਟ ਕੇ ਦੁਕਾਨ ਅੰਦਰ ਦਾਖ਼ਲ ਹੋਇਆ ਤੇ ਤਕਰੀਬਨ ਡੇਢ ਸੌ ਤੋਂ ਵੱਧ ਘੜੀਆਂ, ਜੈਂਟਸ ਪਰਸ, ਟੋਪੀਆਂ, ਡੀਓ ਸਮੇਤ ਕਾਫ਼ੀ ਕੁਝ ਚੋਰੀ ਕਰ ਲਿਆ, ਜਿਸ ਦੀ ਕੀਮਤ ਇੱਕ ਲੱਖ ਰੁਪਏ ਤੋਂ ਵੱਧ ਬਣਦੀ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਤਕਰੀਬਨ ਡੇਢ ਕੁ ਸਾਲ ਪਹਿਲਾਂ ਵੀ ਇਸੇ ਦੁਕਾਨ ’ਤੇ ਚੋਰੀ ਹੋਈ ਸੀ ਜਿਸ ਦਾ ਅੱਜ ਤੱਕ ਵੀ ਕੋਈ ਸੁਰਾਗ ਨਹੀਂ ਮਿਲਿਆ।
ਚੌਕੀ ਇੰਚਾਰਜ ਸਵਾਤੀ ਧੀਮਾਨ ਨੇ ਕਿਹਾ ਕਿ ਚੋਰੀ ਦੀ ਘਟਨਾ ਦਾ ਪਤਾ ਲੱਗਦੇ ਹੀ ਉਹ ਤੁਰੰਤ ਦੁਕਾਨ ’ਤੇ ਪੁੱਜੇ ਤੇ ਕੇਸ ਦੀ ਤਹਿਕੀਕਾਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਫਿੰਗਰ ਪ੍ਰਿੰਟ ਟੀਮ ਵੀ ਬੁਲਾਈ ਗਈ ਹੈ ਜੋ ਬਰੀਕੀ ਨਾਲ ਜਾਂਚ ਕਰ ਰਹੀ ਹੈ।