ਚਰਨਜੀਤ ਭੁੱਲਰ
ਚੰਡੀਗੜ੍ਹ, 27 ਅਪਰੈਲ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਦੀ ‘ਆਪ’ ਸਰਕਾਰ ਨੇ ਹੁਣ ਉਨ੍ਹਾਂ ‘ਖ਼ਾਸ’ ਡਿਫਾਲਟਰਾਂ ਨੂੰ ਹੱਥ ਪਾਇਆ ਹੈ ਜਿਨ੍ਹਾਂ ਦੇ ਲੱਖਾਂ-ਕਰੋੜਾਂ ਦੇ ਬਿਜਲੀ ਬਿੱਲ ਬਕਾਇਆ ਹਨ| ਇਹ ਧਨਾਢ ਖ਼ਪਤਕਾਰ ਸਾਲਾਂ ਤੋਂ ਬਿਜਲੀ ਬਿੱਲ ਤਾਰ ਨਹੀਂ ਰਹੇ ਸਨ| ਪਾਵਰਕੌਮ ਨੇ ਪੰਜ ਲੱਖ ਤੋਂ ਵੱਧ ਰਕਮ ਦੇ ਡਿਫਾਲਟਰਾਂ ਦਾ ਅੰਕੜਾ ਕੱਢਿਆ ਹੈ ਜਿਸ ਅਨੁਸਾਰ ਸੂਬੇ ਵਿਚ 900 ਡਿਫਾਲਟਰਾਂ ਵੱਲ ਪ੍ਰਤੀ ਕੁਨੈਕਸ਼ਨ ਪੰਜ ਲੱਖ ਤੋਂ ਵੱਧ ਬਿਜਲੀ ਬਿੱਲਾਂ ਦਾ ਬਕਾਇਆ ਖੜ੍ਹਾ ਹੈ| ਪੰਜਾਬ ’ਚ ਦਰਜਨ ਡਿਫਾਲਟਰ ਅਜਿਹੇ ਵੀ ਲੱਭੇ ਹਨ ਜਿਨ੍ਹਾਂ ਵੱਲ ਪ੍ਰਤੀ ਕੁਨੈਕਸ਼ਨ ਇੱਕ ਕਰੋੜ ਤੋਂ ਵੱਧ ਰਾਸ਼ੀ ਬਕਾਇਆ ਖੜ੍ਹੀ ਹੈ| ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਇਨ੍ਹਾਂ ਡਿਫਾਲਟਰਾਂ ਦੀ ਸ਼ਨਾਖ਼ਤ ਕਰਨ ਵਾਸਤੇ ਹਦਾਇਤ ਕੀਤੀ ਸੀ| ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ੁਬਾਨੀ ਹੁਕਮ ਕੀਤੇ ਸਨ ਕਿ ਬਕਾਇਆ ਵਸੂਲੀ ਵੱਡੇ ਡਿਫਾਲਟਰਾਂ ਤੋਂ ਸ਼ੁਰੂ ਕੀਤੀ ਜਾਵੇ, ਨਾ ਕਿ ਪਿੰਡਾਂ ਦੇ ਵਿਹੜਿਆਂ ’ਚੋਂ| ਪਾਵਰਕੌਮ ਦੇ ਪੰਜ ਲੱਖ ਤੋਂ ਵੱਧ ਬਕਾਇਆ ਰਕਮ ਵਾਲੇ ਡਿਫਾਲਟਰਾਂ ਵੱਲ 120 ਕਰੋੜ ਦੀ ਰਾਸ਼ੀ ਬਕਾਇਆ ਖੜ੍ਹੀ ਹੈ| ਸਬ ਅਰਬਨ ਸਰਕਲ ਅੰਮ੍ਰਿਤਸਰ ’ਚ ਸਭ ਤੋਂ ਵੱਧ 170 ਵੱਡੇ ਡਿਫਾਲਟਰ ਹਨ ਜਦਕਿ ਮੁਹਾਲੀ ਵਿਚ 104 ਵੱਡੇ ਡਿਫਾਲਟਰਾਂ ਵੱਲ 19.61 ਕਰੋੜ ਦੀ ਰਾਸ਼ੀ ਬਕਾਇਆ ਹੈ| ਪਾਵਰਕੌਮ ਦੇ ਦੱਖਣੀ ਜ਼ੋਨ ਵਿਚ ਅੱਠ ਡਿਫਾਲਟਰਾਂ ਵੱਲ ਪ੍ਰਤੀ ਕੁਨੈਕਸ਼ਨ ਕਰੋੜ ਤੋਂ ਵੱਧ ਰਾਸ਼ੀ ਬਕਾਇਆ ਹੈ| ਸਿਖ਼ਰ ’ਤੇ ਰਾਜਪੁਰਾ ਦੇ ਇੱਕ ਸਨਅਤਕਾਰ ਦਾ ਨਾਂ ਬੋਲਦਾ ਹੈ ਜਿਸ ਵੱਲ 2.18 ਕਰੋੜ ਰੁਪਏ ਦਾ ਬਿੱਲ ਬਕਾਇਆ ਸੀ ਤੇ ਉਸਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ| ਖਰੜ ਦੇ ਇੱਕ ਡਿਫਾਲਟਰ ਵੱਲ 1.30 ਕਰੋੜ ਦਾ ਬਿੱਲ ਬਕਾਇਆ ਹੈ|
ਪੱਛਮੀ ਜ਼ੋਨ ’ਚ ਚਾਰ ਡਿਫਾਲਟਰ ਹਨ ਜਿਨ੍ਹਾਂ ਵੱਲ ਪ੍ਰਤੀ ਖਪਤਕਾਰ ਕਰੋੜ ਤੋਂ ਵੱਧ ਬਕਾਇਆ ਰਾਸ਼ੀ ਹੈ| ਮਲੋਟ ਦੇ ਇੱਕ ਡਿਫਾਲਟਰ ਵੱਲ ਡੇਢ ਕਰੋੜ ਅਤੇ ਦੂਜੇ ਵੱਲ 1.17 ਕਰੋੜ ਦਾ ਬਕਾਇਆ ਹੈ| ਇਸੇ ਤਰ੍ਹਾਂ ਜਲਾਲਾਬਾਦ ਦੇ ਇੱਕ ਡਿਫਾਲਟਰ ਦਾ ਇੱਕ ਕਰੋੜ ਦਾ ਬਿਜਲੀ ਬਿੱਲ ਬਕਾਇਆ ਖੜ੍ਹਾ ਹੈ| ਪਾਵਰਕੌਮ ਨੇ ਇਨ੍ਹਾਂ ਖ਼ਪਤਕਾਰਾਂ ਦੇ ਕੁਨੈਕਸ਼ਨ ਹੁਣ ਕੱਟ ਦਿੱਤੇ ਹਨ| ਕੇਂਦਰੀ ਜ਼ੋਨ ਵਿਚ ਇੱਕ ਗਊਸ਼ਾਲਾ ਦਾ ਬਿੱਲ 81.05 ਲੱਖ ਰੁਪਏ ਬਕਾਇਆ ਖੜ੍ਹਾ ਹੈ| ਪਾਵਰਕੌਮ ਨੇ ਲੰਘੇ ਦਿਨਾਂ ’ਚ ਵਿਸ਼ੇਸ਼ ਮੁਹਿੰਮ ਚਲਾ ਕੇ 499 ਵੱਡੇ ਡਿਫਾਲਟਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਸਨ ਜਿਨ੍ਹਾਂ ਵੱਲ 52 ਕਰੋੜ ਰੁਪਏ ਦੀ ਰਾਸ਼ੀ ਫਸੀ ਹੋਈ ਸੀ| ਸਰਹੱਦੀ ਜ਼ੋਨ ਵਿਚ ਸਭ ਤੋਂ ਵੱਧ 165 ਕੁਨੈਕਸ਼ਨ ਕੱਟੇ ਗਏ ਹਨ| ਇਸ ਮੁਹਿੰਮ ਦੇ ਜ਼ਰੀਏ ਪਾਵਰਕੌਮ ਨੇ 132 ਵੱਡੇ ਡਿਫਾਲਟਰਾਂ ਤੋਂ 8.25 ਕਰੋੜ ਦੀ ਰਕਮ ਵਸੂਲ ਵੀ ਕੀਤੀ ਹੈ|
ਪਾਵਰਕੌਮ ਦੇ ਸੀਨੀਅਰ ਅਧਿਕਾਰੀ ਦੱਸਦੇ ਹਨ ਕਿ ਬਹੁਤੇ ਰਸੂਖ਼ ਵਾਲੇ ਤਾਂ ਆਪਣੀ ਸਾਖ਼ ਖਰਾਬ ਹੋਣ ਦੇ ਡਰੋਂ ਚੁੱਪਚਾਪ ਬਕਾਇਆ ਤਾਰ ਰਹੇ ਹਨ| ਸਿਆਸੀ ਪਹੁੰਚ ਰੱਖਣ ਵਾਲੇ ਕਈ ਆਪਣੀ ਵਾਹ ਵੀ ਲਾ ਰਹੇ ਹਨ| ਉਨ੍ਹਾਂ ਕਿਹਾ ਕਿ ਪਾਵਰਕੌਮ ਕੋਲ ਹੁਣ ਕੋਈ ਚਾਰਾ ਨਹੀਂ ਬਚਿਆ ਕਿਉਂਕਿ ਪਾਵਰਕੌਮ ਦੀ ਵਿੱਤੀ ਪੁਜ਼ੀਸ਼ਨ ਕਾਫ਼ੀ ਖ਼ਸਤਾ ਹੈ|
ਮੁਕਤਸਰ ਸਰਕਲ ਵਿਚ 99 ਡਿਫਾਲਟਰ ਖਪਤਕਾਰਾਂ ਵੱਲ ਪੰਜ ਲੱਖ ਰੁਪਏ ਤੋਂ ਵੱਧ ਦੇ ਬਕਾਏ ਹਨ| ਦੱਸਣਯੋਗ ਹੈ ਕਿ ਪਾਵਰਕੌਮ ਦੇ ਹਰ ਕੈਟਾਗਰੀ ਦੇ ਕੁੱਲ ਖਪਤਕਾਰ ਕਰੀਬ 94 ਲੱਖ ਬਣਦੇ ਹਨ ਜਿਨ੍ਹਾਂ ’ਚੋਂ ਇਸ ਵੇਲੇ 36.05 ਲੱਖ ਖਪਤਕਾਰ ਡਿਫਾਲਟਰ ਹਨ| ਘਰੇਲੂ ਬਿਜਲੀ ਦੇ ਕੁੱਲ ਖਪਤਕਾਰਾਂ ਦਾ ਅੰਕੜਾ 73.80 ਲੱਖ ਹੈ ਜਿਨ੍ਹਾਂ ਚੋਂ 31.05 ਲੱਖ ਖਪਤਕਾਰ ਡਿਫਾਲਟਰ ਹਨ ਜੋ ਕਿ ਕਰੀਬ 42 ਫ਼ੀਸਦੀ ਬਣਦੇ ਹਨ| ਬਾਕੀਆਂ ਵਿਚ 300 ਯੂਨਿਟ ਮੁਆਫ਼ੀ ਵਾਲੇ ਵੀ ਆ ਜਾਂਦੇ ਹਨ| ਘਰੇਲੂ ਬਿਜਲੀ ਦੇ ਖਪਤਕਾਰਾਂ ਵੱਲ 1860 ਕਰੋੜ ਦੀ ਰਕਮ ਬਕਾਇਆ ਖੜ੍ਹੀ ਹੈ|
ਘਰੇਲੂ ਬਿਜਲੀ ਦੇ ਪੱਛਮੀ ਜ਼ੋਨ ਵਿਚ ਸਭ ਤੋਂ ਵੱਧ ਸਵਾ ਅੱਠ ਲੱਖ ਖ਼ਪਤਕਾਰ ਡਿਫਾਲਟਰ ਹਨ ਜਿਨ੍ਹਾਂ ਵੱਲ 460 ਕਰੋੜ ਦੀ ਰਾਸ਼ੀ ਬਕਾਇਆ ਹੈ ਜਦੋਂ ਕਿ ਸਰਹੱਦੀ ਜ਼ੋਨ ਵਿਚ 7.40 ਲੱਖ ਖਪਤਕਾਰਾਂ ਵੱਲ 430 ਕਰੋੜ ਦੀ ਰਾਸ਼ੀ ਖੜ੍ਹੀ ਹੈ| ਹਰ ਕੈਟਾਗਿਰੀ ਦੀ ਗੱਲ ਕਰੀਏ ਤਾਂ ਵੀ ਸਰਹੱਦੀ ਜ਼ੋਨ ਦਾ ਨੰਬਰ ਪਹਿਲਾ ਹੈ ਜਿੱਥੋਂ ਦੇ ਹਰ ਕੈਟਾਗਿਰੀ ਦੇ ਕੁੱਲ 8.45 ਲੱਖ ਡਿਫਾਲਟਰ ਖਪਤਕਾਰ ਹਨ ਜਿਨ੍ਹਾਂ ਵੱਲ 830 ਕਰੋੜ ਦੀ ਰਾਸ਼ੀ ਫਸੀ ਹੋਈ ਹੈ|
ਆਮ ਡਿਫਾਲਟਰਾਂ ਨੂੰ ਨੋਟਿਸ ਦੇਣੇ ਸ਼ੁਰੂ
ਪਾਵਰਕੌਮ ਸਿਖਰਲੇ ਡਿਫਾਲਟਰਾਂ ਤੋਂ ਸ਼ੁਰੂਆਤ ਕਰਕੇ ਹੇਠਾਂ ਵੱਲ ਨੂੰ ਵਧਣ ਦੀ ਨੀਤੀ ਅਪਣਾਉਂਦੀ ਹੈ।ਆਮ ਡਿਫਾਲਟਰਾਂ ਨੂੰ ਪਾਵਰਕੌਮ ਨੇ ਪ੍ਰੇਰ ਕੇ ਬਕਾਇਆ ਵਸੂਲਣ ਦੀ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਅਧਿਕਾਰੀ ਇਨ੍ਹਾਂ ਖਪਤਕਾਰਾਂ ਨੂੰ ਨੋਟਿਸ ਵੀ ਜਾਰੀ ਕਰ ਰਹੇ ਹਨ। ਅਧਿਕਾਰੀਆਂ ਮੁਤਾਬਕ ਡਿਫਾਲਟਰ ਖ਼ਪਤਕਾਰਾਂ ਨੂੰ ਬਕਾਏ ਤਾਰਨ ਲਈ ਸਮਾਂ ਵੀ ਦਿੱਤਾ ਜਾ ਰਿਹਾ ਹੈ। ਜਦੋਂ ਕੋਈ ਹੋਰ ਰਾਹ ਨਾ ਬਚਿਆ ਤਾਂ ਉਦੋਂ ਆਖਰੀ ਹਥਿਆਰ ਵਜੋਂ ਆਮ ਡਿਫਾਲਟਰਾਂ ਦੇ ਕੁਨੈਕਸ਼ਨ ਕੱਟੇ ਜਾਣਗੇ।