ਆਤਿਸ਼ ਗੁਪਤਾ
ਚੰਡੀਗੜ੍ਹ, 19 ਜੂਨ
ਫ਼ਿਲਮ ‘ਭਾਗ ਮਿਲਖਾ ਭਾਗ’ ਵਿੱਚ ਮਿਲਖਾ ਸਿੰਘ ਦੇ ਬਚਪਨ ਦਾ ਕਿਰਦਾਰ ਨਿਭਾਉਣ ਵਾਲੇ ਜਪਤੇਜ ਸਿੰਘ ਨੇ ‘ਉੱਡਣਾ ਸਿੱਖ’ ਦੇ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਣ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮਿਲਖਾ ਸਿੰਘ ਨੇ ਸਾਰੀ ਜ਼ਿੰਦਗੀ ਸਖ਼ਤ ਮਿਹਨਤ ਕੀਤੀ ਤੇ ਇਹੀ ਵਜ੍ਹਾ ਹੈ ਕਿ ਉਨ੍ਹਾਂ ਵੱਲੋਂ ਬਣਾਏ ਰਿਕਾਰਡ ਅੱਜ ਵੀ ਕੋਈ ਤੋੜਨ ਵਿੱਚ ਕਾਮਯਾਬ ਨਹੀਂ ਹੋ ਸਕਿਆ। ਉਨ੍ਹਾਂ ਦੱਸਿਆ ਕਿ ‘ਫਲਾਈਂਗ ਸਿੱਖ’(ਉੱਡਣਾ ਸਿੱਖ) ਦੇ ਨਾਮ ਤੋਂ ਮਕਬੂਲ ਮਿਲਖਾ ਸਿੰਘ ਬਹੁਤ ਹੀ ਖੁਸ਼ਮਿਜ਼ਾਜ ਅਤੇ ਹੋਰਨਾਂ ਦੀ ਮਦਦ ਕਰਨ ਵਾਲੇ ਵਿਅਕਤੀ ਸਨ। ਜਪਤੇਜ ਨੇ ਦੱਸਿਆ ਕਿ ‘ਭਾਗ ਮਿਲਖਾ ਭਾਗ’ ਫ਼ਿਲਮ ਨੇ ਉਨ੍ਹਾਂ ਦੇ ਜੀਵਨ ’ਤੇ ਬਹੁਤ ਅਸਰ ਪਾਇਆ ਹੈ। ਇਸ ਨਾਲ ਉਸ ਦੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਮਿਲੀ। ਮਿਲਖਾ ਸਿੰਘ ਨੇ ਸਦਾ ਹੀ ਮਿਹਤਨ ਕਰਨ ਅਤੇ ਜ਼ਿੰਦਗੀ ਵਿੱਚ ਕਸਰਤ ਕਰਨ ਲਈ ਪ੍ਰੇਰਿਆ। ਮਿਲਖਾ ਸਿੰਘ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਜਪਤੇਜ ਨੇ ਕਿਹਾ ਕਿ ਉਹ ਅਕਸਰ ਕਹਿੰਦੇ ਸਨ ਕਿ ‘ਜ਼ਿੰਦਗੀ ਵਿੱਚ ਹਮੇਸ਼ਾ ਮਿਹਨਤ ਕਰਦੇ ਰਹੋ, ਪਰ ਫਲ ਦੀ ਇੱਛਾ ਕਦੇ ਨਾ ਰੱਖੋ’ ਅਤੇ ਜੇ ਕੋਈ ਇਸ ਰਾਹ ’ਤੇ ਤੁਰ ਪਏ ਤਾਂ ਉਸ ਨੂੰ ਕਾਮਯਾਬ ਹੋਣ ਤੋਂ ਨਹੀਂ ਰੋਕਿਆ ਜਾ ਸਕਦਾ। ਜਪਤੇਜ ਨੇ ਕਿਹਾ ਕਿ ਮਿਲਖਾ ਸਿੰਘ ਭਾਵੇਂ ਇਸ ਸੰਸਾਰ ਵਿੱਚ ਨਹੀਂ ਰਹੇ, ਪਰ ਉਹ ਹਮੇਸ਼ਾ ਲੋਕ ਮਨਾਂ ਵਿੱਚ ਜਿਊਂਦੇ ਰਹਿਣਗੇ। ਦੱਸਣਾ ਬਣਦਾ ਹੈ ਕਿ ਜਪਤੇਜ ਸਿੰਘ ਨੇ 12-13 ਸਾਲ ਦੀ ਉਮਰ ਵਿੱਚ ਰਾਕੇਸ਼ ਓਮਪ੍ਰਕਾਸ਼ ਮਹਿਰਾ ਵੱਲੋਂ ਨਿਰਦੇਸ਼ਤ ਫ਼ਿਲਮ ‘ਭਾਗ ਮਿਲਖਾ ਭਾਗ’ ਮਿਲਖਾ ਸਿੰਘ ਦੇ ਬਚਪਨ ਦਾ ਕਿਰਦਾਰ ਨਿਭਾਇਆ ਸੀ। ਫਿਲਮ ਉਪਰੰਤ ਜਪਤੇਜ ਨੇ ਹਾਕੀ ਤੇ ਫੁਟਬਾਲ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਤੇ ਕਈ ਵਾਰ ਤਗ਼ਮੇ ਵੀ ਹਾਸਿਲ ਕੀਤੇ ਹਨ।