ਪੱਤਰ ਪ੍ਰੇਰਕ
ਰੂਪਨਗਰ, 2 ਅਗਸਤ
ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰ ਕੇ ਹਲਕੇ ਦੇ ਕੰਢੀ ਏਰੀਏ ਵਿੱਚ ਇੱਕ ਸੈਨਿਕ ਸਕੂਲ ਸਥਾਪਤ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਪੰਜਾਬ ਦੀ ਮੁੱਖ ਸਕੱਤਰ ਵਿੰਨੀ ਮਹਾਜਨ ਨੂੰ ਵੀ ਪੱਤਰ ਲਿਖ ਕੇ ਇਸ ਲਈ ਕੇਂਦਰ ਸਰਕਾਰ ਨੂੰ ਅਧਿਕਾਰਕ ਤਜਵੀਜ਼ ਭੇਜਣ ਵਾਸਤੇ ਕਿਹਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਦੌਰਾਨ ਅਤੇ ਉਨ੍ਹਾਂ ਨੂੰ ਲਿਖੀ ਚਿੱਠੀ ’ਚ ਸ੍ਰੀ ਤਿਵਾੜੀ ਨੇ ਦੱਸਿਆ ਕਿ ਪੰਜਾਬ ਦੇ ਨੌਜਵਾਨਾਂ ਦੀ ਭਾਰਤੀ ਫ਼ੌਜ ਦੇ ਜੂਨੀਅਰ ਕਮਿਸ਼ਨਡ ਅਧਿਕਾਰੀਆਂ ’ਚ 7.43 ਫ਼ੀਸਦੀ ਅਤੇ ਦੂਜੇ ਅਹੁਦਿਆਂ ’ਤੇ 7.8 ਫ਼ੀਸਦੀ ਹਿੱਸੇਦਾਰੀ ਰਹੀ ਹੈ। ਇਹ ਉੱਤਰ-ਪੱਛਮ ਦੇ ਦੂਜੇ ਸੂਬਿਆਂ ਦੇ ਮੁਕਾਬਲੇ ਦੇਸ਼ ਵਿੱਚ ਸਭ ਤੋਂ ਵੱਧ ਹੈ। ਇਹ ਪੰਜਾਬ ਦੇ ਨੌਜਵਾਨਾਂ ਅੰਦਰ ਭਾਰਤੀ ਫ਼ੌਜ ਸੇਵਾਵਾਂ ਪ੍ਰਤੀ ਉਤਸ਼ਾਹ ਨੂੰ ਦਰਸਾਉਂਦੀ ਹੈ। ਸ੍ਰੀ ਤਿਵਾੜੀ ਨੇ ਕਿਹਾ ਕਿ ਮੁਹਾਲੀ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਤਹਿਸੀਲ ਗੜ੍ਹਸ਼ੰਕਰ ਵਿੱਚੋਂ ਕਿਤੇ ਵੀ ਸੈਨਿਕ ਸਕੂਲ ਸਥਾਪਿਤ ਕੀਤਾ ਜਾ ਸਕਦਾ ਹੈ।
ਇਸ ਸਬੰਧ ’ਚ ਸੂਬੇ ਦੀ ਮੁੱਖ ਸਕੱਤਰ ਵਿੰਨੀ ਮਹਾਜਨ ਨੂੰ ਲਿਖੇ ਪੱਤਰ ਵਿੱਚ ਸ੍ਰੀ ਤਿਵਾੜੀ ਨੇ ਕਿਹਾ ਹੈ ਕਿ ਪੰਜਾਬ ਦਾ ਕੰਢੀ ਏਰੀਆ ਹਮੇਸ਼ਾ ਤੋਂ ਪਛੜਿਆ ਰਿਹਾ ਹੈ ਅਤੇ ਇੱਥੋਂ ਰੱਖਿਆ ਸੈਨਾਵਾਂ ਵਿੱਚ ਵੱਡੀ ਗਿਣਤੀ ਚ ਨੌਜਵਾਨ ਜਾਂਦੇ ਹਨ।