ਗਗਨਦੀਪ ਅਰੋੜਾ
ਲੁਧਿਆਣਾ, 19 ਅਪਰੈਲ
ਸਨਅਤੀ ਸ਼ਹਿਰ ਦੇ ਦੋ ਇਲਾਕਿਆਂ ਵਿੱਚ ਲੱਗੇ ਲੌਕਡਾਊਨ ਤੇ ਕਰੋਨਾ ਦੇ ਵਧ ਰਹੇ ਕੇਸਾਂ ਨੇ ਪਰਵਾਸੀ ਮਜ਼ਦੂਰਾਂ ਵਿੱਚ ਮੁੜ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਲੌਕਡਾਊਨ ਦੇ ਚਰਚਿਆਂ ਕਾਰਨ ਮਜ਼ਦੂਰਾਂ ਨੇ ਮੁੜ ਆਪਣੇ ਪਿੰਡਾਂ ਨੂੰ ਚਾਲੇ ਪਾ ਲਏ ਹਨ। ਪਿਛਲੇ ਸਾਲ ਜਦੋਂ ਅਚਨਚੇਤ ਲੌਕਡਾਊਨ ਦਾ ਐਲਾਨ ਕੀਤਾ ਗਿਆ ਤਾਂ ਮਜ਼ਦੂਰਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ ਸੀ। ਇਸੇ ਕਾਰਨ ਐਤਕੀਂ ਉਹ ਪਹਿਲਾਂ ਹੀ ਘਰਾਂ ਨੂੰ ਮੁੜਨ ਲੱਗੇ ਹਨ। ਇਸ ਵੇਲੇ ਬਹੁਤੀਆਂ ਰੇਲ ਗੱਡੀਆਂ ਬੰਦ ਹਨ। ਇਸ ਕਾਰਨ ਹਜ਼ਾਰਾਂ ਰੁਪਏ ਖ਼ਰਚ ਕੇ ਮਜ਼ਦੂਰ ਬੱਸਾਂ ਰਾਹੀਂ ਯੂਪੀ ਤੇ ਬਿਹਾਰ ਲਈ ਰਵਾਨਾ ਹੋਣੇ ਸ਼ੁਰੂ ਹੋ ਗਏ ਹਨ। ਇਸ ਦਾ ਵੱਡਾ ਅਸਰ ਸਨਅਤਾਂ ’ਤੇ ਪੈ ਰਿਹਾ ਹੈ।
ਕਰੋਨਾ ਦੀ ਦੂਜੀ ਲਹਿਰ ਦਾ ਲੁਧਿਆਣਾ ਵਿੱਚ ਕਾਫ਼ੀ ਅਸਰ ਵੇਖਣ ਨੂੰ ਮਿਲ ਰਿਹਾ ਹੈ ਤੇ ਅਪਰੈਲ ਮਹੀਨੇ ਦੀ ਸ਼ੁਰੂਆਤ ਤੋਂ ਹੀ ਲੁਧਿਆਣਾ ਵਿੱਚ ਰੋਜ਼ਾਨਾ ਕਰੋਨਾ ਦੇ ਕਰੀਬ 500 ਕੇਸ ਆ ਰਹੇ ਹਨ। ਪਿਛਲੇ ਤਿੰਨ ਦਿਨਾਂ ਵਿੱਚ 700-800 ਦੇ ਕਰੀਬ ਕਰੋਨਾ ਕੇਸ ਆਏ ਹਨ। ਇਸ ਕਰਕੇ ਸ਼ਹਿਰ ਦੇ ਦੋ ਇਲਾਕਿਆਂ ਦੁੱਗਰੀ ਫੇਜ਼ ਇੱਕ ਤੇ ਦੋ ਵਿੱਚ ਪੂਰਨ ਲੌਕਡਾਊਨ ਲਗਾ ਦਿੱਤਾ ਗਿਆ ਹੈ।
ਇਸ ਕਾਰਨ ਸਨਅਤੀ ਸ਼ਹਿਰ ਦੀਆਂ ਫੈਕਟਰੀਆਂ ਵਿੱਚ ਕੰਮ ਕਰਦੇ ਪਰਵਾਸੀ ਮਜ਼ਦੂਰਾਂ ਵਿੱਚ ਸਹਿਮ ਦਾ ਮਾਹੌਲ ਹੈ ਤੇ ਉਹ ਆਪਣੇ ਪਿੰਡਾਂ ਨੂੰ ਜਾਣ ਲਈ ਕਾਹਲੇ ਪੈ ਗਏ ਹਨ। ਸਨਅਤਕਾਰ ਸੋਨੂੰ ਆਹੂਜਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਫੈਕਟਰੀਆਂ ਵਿੱਚੋਂ ਕਾਫ਼ੀ ਮਜ਼ਦੂਰ ਆਪਣੇ ਪਿੰਡਾਂ ਨੂੰ ਜਾ ਚੁੱਕੇ ਹਨ। ਸਭ ਨੂੰ ਡਰ ਹੈ ਕਿ ਕਿਤੇ ਦੁਬਾਰਾ ਲੌਕਡਾਊਨ ਨਾ ਲੱਗ ਜਾਵੇ। ਰੇਲ ਗੱਡੀਆਂ ਘੱਟ ਚੱਲਣ ਕਾਰਨ ਮਜ਼ਦੂਰ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਬੱਸਾਂ ਰਾਹੀਂ ਤੈਅ ਕਰ ਰਹੇ ਹਨ।