ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 31 ਮਈ
ਮੁੱਖ ਅੰਸ਼
- ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਪਰਿਵਾਰ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਿਆ
- ਹਾਈ ਕੋਰਟ ’ਚ ਪਟੀਸ਼ਨ ਦਾਇਰ
ਇੱਥੋਂ ਦੇ ਸੈਕਟਰ-71 ਦੀ ਮਾਰਕੀਟ ਵਿੱਚ ਪਿਛਲੇ ਸਾਲ 7 ਅਗਸਤ ਨੂੰ ਦਿਨ-ਦਿਹਾੜੇ ਨਕਾਬਪੋਸ਼ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਐੱਸਓਆਈ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਯੂਥ ਆਗੂ ਬਿਕਰਮਜੀਤ ਸਿੰਘ ਵਿੱਕੀ ਮਿੱਡੂਖੇੜਾ ਦੇ ਪਰਿਵਾਰ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਦਿਆਂ ਸੁਰੱਖਿਆ ਦੀ ਮੰਗ ਕੀਤੀ ਹੈ। ਵਿੱਕੀ ਮਿੱਡੂਖੇੜਾ ਦੇ ਵੱਡੇ ਭਰਾ ਤੇ ਸੀਨੀਅਰ ਅਕਾਲੀ ਆਗੂ ਅਜੈਪਾਲ ਸਿੰਘ ਮਿੱਡੂਖੇੜਾ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਸੁਰੱਖਿਆ ਪ੍ਰਦਾਨ ਕਰਨ ਦੀ ਮੰਗ ਕੀਤੀ ਹੈ। ਉੱਚ ਅਦਾਲਤ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੂਬਾ ਸਰਕਾਰ ਅਤੇ ਪੁਲੀਸ ਨੂੰ ਨੋਟਿਸ ਜਾਰੀ ਕਰਕੇ ਆਪਣਾ ਪੱਖ ਰੱਖਣ ਲਈ ਕਿਹਾ ਹੈ। ਇਸ ਤੋਂ ਪਹਿਲਾਂ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਪੰਜਾਬ ਸਰਕਾਰ, ਰਾਜਪਾਲ, ਗ੍ਰਹਿ ਵਿਭਾਗ ਅਤੇ ਐੱਸਐੱਸਪੀ ਮੁਹਾਲੀ ਨੂੰ ਕਈ ਪੱਤਰ ਲਿਖ ਕੇ ਇਨਸਾਫ਼ ਅਤੇ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਮੰਗ ਕਰ ਚੁੱਕੇ ਹਨ ਪਰ ਹੁਣ ਤੱਕ ਸਰਕਾਰ ਅਤੇ ਪੁਲੀਸ ਨੇ ਪੀੜਤ ਪਰਿਵਾਰ ਦੀ ਬਾਂਹ ਨਹੀਂ ਫੜੀ। ਹਾਲਾਂਕਿ ਅਜੈਪਾਲ ਮਿੱਡੂਖੇੜਾ ਕੋਲ ਇਸ ਸਮੇਂ ਦੋ ਗੰਨਮੈਨ ਹਨ ਪਰ ਹਾਲ ਹੀ ‘ਆਪ’ ਸਰਕਾਰ ਵੱਲੋਂ ਸਿਆਸੀ ਆਗੂਆਂ ਤੋਂ ਸੁਰੱਖਿਆ ਵਾਪਸ ਲੈਣ ਦੇ ਹੁਕਮ ਚਾੜ੍ਹਨ ਕਾਰਨ ਉਨ੍ਹਾਂ ਨੂੰ ਇਹ ਗੰਨਮੈਨ ਵੀ ਖੁੱਸਣ ਦਾ ਖ਼ਦਸ਼ਾ ਹੈ।