ਪੱਤਰ ਪ੍ਰੇਰਕ
ਪਟਿਆਲਾ, 1 ਸਤੰਬਰ
ਇੱਥੇ ਪਟਿਆਲਾ ਜੇਲ੍ਹ ਦੇ ਸਾਹਮਣੇ ਸੀਐੱਫ ਸਾਊਥ ਸਰਕਲ ਦੇ ਦਫ਼ਤਰ ਅੱਗੇ ਦਿਨ-ਰਾਤ ਦੇ ਧਰਨੇ ’ਤੇ ਬੈਠੇ ਜੰਗਲਾਤ ਕਾਮਿਆਂ ਨੂੰ ਰਾਤ ਡੇਢ ਵਜੇ ਇੱਕ ਬੇਕਾਬੂ ਕਾਰ ਨੇ ਦਰੜ ਦਿੱਤਾ। ਇਸ ਕਾਰਨ 6 ਮੁਲਾਜ਼ਮ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦਾ ਰਾਜਿੰਦਰਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਕਾਰ ਦੀ ਰਫ਼ਤਾਰ ਐਨੀ ਤੇਜ਼ ਸੀ ਕਿ ਕੋਲ ਖੜ੍ਹੇ ਮੋਟਰਸਾਈਕਲ ਨੁਕਸਾਨੇ ਗਏ ਤੇ ਕਾਰ ਦਾ ਬੰਪਰ ਵੀ ਟੁੱਟ ਗਿਆ। ਕਾਰ ਸਵਾਰ ਮੌਕੇ ’ਤੇ ਵਾਹਨ ਛੱਡ ਕੇ ਫ਼ਰਾਰ ਹੋ ਗਏ।
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਚੌਥਾ ਦਰਜਾ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਅਤੇ ਜੰਗਲਾਤ ਕਾਮਿਆਂ ਦੇ ਪ੍ਰਧਾਨ ਜਗਮੋਹਨ ਨੌਲੱਖਾ ਨੇ ਦੱਸਿਆ ਕਿ ਰਾਤ ਡੇਢ ਵਜੇ ਇਕ ਆਈ-20 ਕਾਰ (ਪੀਬੀ 08ਡੀਜੇ 4887) ਨੇ ਧਰਨੇ ’ਤੇ ਪਏ ਕਾਮਿਆਂ ਨੂੰ ਦਰੜ ਦਿੱਤਾ। ਇਸ ਦੌਰਾਨ ਛੇ ਜੰਗਲਾਤ ਕਾਮੇ ਜ਼ਖਮੀ ਹੋ ਗਏ। ਇਨ੍ਹਾਂ ਵਿੱਚ ਲਖਵਿੰਦਰ ਲੱਖੀ ਭਾਦਸੋਂ ਦੀ ਲੱਤ ਟੁੱਟ ਗਈ, ਚਰਨਜੀਤ ਚੰਨੀ ਦਾ ਅੰਗੂਠਾ ਟੁੱਟ ਗਿਆ, ਪ੍ਰੇਮ ਖਤੋਲੀ, ਤਰਲੋਚਨ ਮੰਡੌਲੀ ਦੀ ਅੱਖ ’ਤੇ ਟਾਂਕੇ ਲੱਗੇ, ਗੁਰਚਰਨ ਚੰਨੀ ਦੂਧਨਸਾਧਾਂ ਅਤੇ ਜਗਤਾਰ ਨਾਭਾ ਦੇ ਸੱਟਾਂ ਲੱਗੀਆਂ ਹਨ। ਇਨ੍ਹਾਂ ਦਾ ਰਾਜਿੰਦਰਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਜਗਮੋਹਨ ਨੇ ਦੱਸਿਆ ਕਿ ਕਾਰ ਸਵਾਰ ਮੌਕੇ ’ਤੇ ਵਾਹਨ ਛੱਡ ਕੇ ਫ਼ਰਾਰ ਹੋ ਗਏ। ਮਗਰੋਂ ਕਾਰ ਵਾਲਿਆਂ ਨੇ ਕੁਝ ਹੋਰ ਬੰਦੇ ਹਸਪਤਾਲ ਵਿਚ ਭੇਜੇ ਤਾਂ ਕਿ ਸਮਝੌਤਾ ਕੀਤਾ ਜਾ ਸਕੇ। ਰਾਜਿੰਦਰਾ ਹਸਪਤਾਲ ਵਿੱਚ ਮੁਲਾਜ਼ਮਾਂ ਦਾ ਪਤਾ ਲੈਣ ਲਈ ਸੀਐੱਫ ਸ੍ਰੀ ਸਿੰਗਲਾ, ਡੀਐੱਫਓ ਵਿੱਦਿਆ ਸਾਗਰੀ, ਰੇਂਜ ਅਫ਼ਸਰ ਸਵਰਨ ਸਿੰਘ ਤੋਂ ਇਲਾਵਾ ਹੋਰ ਜੰਗਲਾਤ ਆਗੂ ਪੁੱਜੇ। ਜ਼ਿਕਰਯੋਗ ਹੈ ਕਿ 11 ਜੁਲਾਈ ਤੋਂ ਇਹ ਕਾਮੇ ਪਿਛਲੇ 6 ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਤੇ ਹੋਰ ਮੰਗਾਂ ਲਈ ਦਿਨ ਰਾਤ ਦੇ ਧਰਨੇ ’ਤੇ ਬੈਠੇ ਹਨ।