ਐਸਏਐਸ ਨਗਰ (ਮੁਹਾਲੀ): ਐੱਸਓਆਈ ਦੇ ਸਾਬਕਾ ਪ੍ਰਧਾਨ ਤੇ ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਢੂਖੇੜਾ ਨੂੰ ਇੱਥੋਂ ਦੇ ਸੈਕਟਰ-71 ਵਿੱਚ ਕਤਲ ਕਰਨ ਦੇ ਮਾਮਲੇ ਵਿੱਚ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਵੱਲੋਂ ਤਿਹਾੜ ਜੇਲ੍ਹ ਦਿੱਲੀ ਤੋਂ ਗੈਂਗਸਟਰ ਅਮਿਤ ਡਾਗਰਾ ਨੂੰ ਅੱਜ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਗੈਂਗਸਟਰ ਨੂੰ ਸੱਤ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲੀਸ ਵੱਲੋਂ ਹੁਣ ਤੱਕ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਕੋਲੋਂ ਪੁੱਛ-ਪੜਤਾਲ ਕੀਤੀ ਗਈ ਹੈ। ਜਿਨ੍ਹਾਂ ਦੇ ਬਿਆਨਾਂ ਦੇ ਆਧਾਰ ’ਤੇ ਪੁਲੀਸ ਨੇ ਮਿੱਢੂਖੇੜਾ ਕਤਲ ਮਾਮਲੇ ਵਿੱਚ ਗੈਂਗਸਟਰ ਅਮਿਤ ਡਾਗਰਾ ਨੂੰ ਨਾਮਜ਼ਦ ਕੀਤਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ 7 ਅਗਸਤ ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਕੇ ਯੂਥ ਅਕਾਲੀ ਆਗੂ ਵਿੱਕੀ ਮਿੱਢੂਖੇੜਾ ਦਾ ਕਤਲ ਕਰ ਦਿੱਤਾ ਸੀ। -ਪੱਤਰ ਪ੍ਰੇਰਕ