ਪੱਤਰ ਪ੍ਰੇਰਕ
ਚੰਡੀਗੜ੍ਹ, 15 ਨਵੰਬਰ
ਸਰਕਾਰੀ ਤੇ ਏਡਿਡ ਸਕੂਲਾਂ ਵਿੱਚ ਪੜ੍ਹਦੇ ਲੱਖਾਂ ਵਿਦਿਆਰਥੀਆਂ ਲਈ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮਿੱਡ-ਡੇਅ ਮੀਲ ਸਕੀਮ ਦਮ ਤੋੜ ਰਹੀ ਜਾਪਦੀ ਹੈ ਕਿਉਂਕਿ ਬੱਚਿਆਂ ਲਈ ਭੋਜਨ ਵਾਸਤੇ ਆਉਣ ਵਾਲੇ ਖਰਚ (ਕੁਕਿੰਗ ਕੌਸਟ) ਦੀ ਰਾਸ਼ੀ ਪਿਛਲੇ ਤਿੰਨ ਮਹੀਨਿਆਂ ਤੋਂ ਸਕੂਲਾਂ ਵਿੱਚ ਨਹੀਂ ਪਹੁੰਚੀ ਹੈ।
ਇਸ ਤੋਂ ਇਲਾਵਾ ਕਾਫ਼ੀ ਸਕੂਲਾਂ ਵਿੱਚ ਅਨਾਜ (ਕਣਕ ਤੇ ਚੌਲ) ਵੀ ਨਹੀਂ ਪਹੁੰਚ ਰਿਹਾ ਹੈ। ਵਿਭਾਗੀ ਸੂਤਰਾਂ ਦੀ ਮੰਨੀਏ ਤਾਂ ਕਈ ਸਕੂਲਾਂ ਦੇ ਅਧਿਆਪਕ ਤਾਂ ਆਪਣੀ ਜੇਬ ਵਿੱਚੋਂ ਹਜ਼ਾਰਾਂ ਰੁਪਏ ਖਰਚ ਕਰਕੇ ਮਿੱਡ-ਡੇਅ ਮੀਲ ਚਲਾ ਰਹੇ ਹਨ ਪਰ ਹੁਣ ਉਨ੍ਹਾਂ ਦੇ ਵੀ ਵਸ ਤੋਂ ਬਾਹਰ ਦੀ ਗੱਲ ਹੋਣ ਕਰਕੇ ਅਜਿਹੇ ਸਕੂਲਾਂ ਵਿੱਚ ਬੱਚਿਆਂ ਲਈ ਦੁਪਹਿਰ ਦੇ ਖਾਣੇ ਤੋਂ ਹੱਥ ਖੜ੍ਹੇ ਕੀਤੇ ਜਾ ਰਹੇ ਹਨ। ਕਈ ਅਧਿਆਪਕ ਦੁਕਾਨਾਂ ਤੋਂ ਉਧਾਰ ਰਾਸ਼ਨ ਚੁੱਕ ਰਹੇ ਹਨ ਪਰ ਲਗਾਤਾਰ ਉਧਾਰ ਦੇਣ ਤੋਂ ਵੀ ਦੁਕਾਨਦਾਰ ਜਵਾਬ ਦੇਣ ਲੱਗੇ ਹਨ। ਮਿੱਡ-ਡੇਅ ਮੀਲ ਤਹਿਤ ਕੰਮ ਕਰਦੇ ਹਜ਼ਾਰਾਂ ਵਰਕਰਾਂ ਨੂੰ ਵੀ ਪਿਛਲੇ ਤਿੰਨ ਮਹੀਨਿਆਂ ਤੋਂ ਮਿਹਨਤਾਨਾ ਵੀ ਨਹੀਂ ਪ੍ਰਾਪਤ ਹੋਇਆ ਹੈ। ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਜੇਕਰ ਕੁਕਿੰਗ ਕੌਸਟ ਤੇ ਲੋੜੀਂਦੀ ਮਾਤਰਾ ਵਿੱਚ ਅਨਾਜ ਸਕੂਲਾਂ ਵਿੱਚ ਨਾ ਪਹੁੰਚਾਇਆ ਗਿਆ ਤਾਂ ਅਧਿਆਪਕ ਮਿੱਡ-ਡੇਅ ਮੀਲ ਬੰਦ ਕਰਨ ਲਈ ਮਜਬੂਰ ਹੋਣਗੇ। ਇਸ ਬਾਰੇ ਸੰਪਰਕ ਕਰਨ ’ਤੇ ਮਿੱਡ-ਡੇਅ ਮੀਲ ਸੁਸਾਇਟੀ ਦੇ ਜਨਰਲ ਮੈਨੇਜਰ ਪ੍ਰਭਚਰਨ ਸਿੰਘ ਨੇ ਦੱਸਿਆ ਕਿ ਕੁਕਿੰਗ ਕੌਸਟ ਦਾ ਪੈਸਾ ਭਾਰਤ ਸਰਕਾਰ ਵੱਲੋਂ ਕੀਤੀ ਜਾ ਰਹੀ ਦੇਰੀ ਕਾਰਨ ਰੁਕਿਆ ਸੀ ਜੋ ਕਿ ਹੁਣ ਜਾਰੀ ਹੋ ਗਿਆ ਹੈ ਅਤੇ ਭਲਕ ਤੋਂ ਸਕੂਲਾਂ ਵਿੱਚ ਭੇਜ ਦਿੱਤਾ ਜਾਵੇਗਾ। ਅਨਾਜ ਬਾਰੇ ਉਨ੍ਹਾਂ ਕਿਹਾ ਕਿ ਸੁਸਾਇਟੀ ਵੱਲੋਂ ਕਿਸੇ ਵੀ ਸਕੂਲ ਵਿੱਚ ਅਨਾਜ ਭੇਜਣ ਵਿੱਚ ਢਿੱਲ ਨਹੀਂ ਕੀਤੀ ਜਾ ਰਹੀ ਹੈ।