ਖੇਤਰੀ ਪ੍ਰਤੀਨਿਧ
ਲੁਧਿਆਣਾ, 18 ਮਈ
ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੇ ਜਲਵਾਯੂ ਪਰਿਵਰਤਨ ਅਤੇ ਖੇਤੀ ਮੌਸਮ ਵਿਭਾਗ ਦੇ ਵਿਗਿਆਨੀ ਡਾ. ਹਰਪ੍ਰੀਤ ਸਿੰਘ ਦੀ ਬੀਤੇ ਦਿਨੀਂ ਕੈਨੇਡਾ ਵਿਚ ਮੌਤ ਹੋ ਗਈ। ਖੇਤੀ ਮੌਸਮ ਵਿਗਿਆਨ ਵਿਭਾਗ ਦੇ ਮੁਖੀ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ 45 ਸਾਲਾ ਡਾ. ਹਰਪ੍ਰੀਤ ਨੇ ਆਪਣੀ ਬੀਐੱਸਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਐੱਮਐੱਸਸੀ ਪੀਏਯੂ ਤੋਂ ਕੀਤੀ ਸੀ। ਉਨ੍ਹਾਂ ਨੇ 2006 ਵਿਚ ਖੇਤਰੀ ਖੋਜ ਕੇਂਦਰ ਬਠਿੰਡਾ ਵਿਚ ਮੌਸਮ ਵਿਗਿਆਨੀ ਵਜੋਂ ਕਾਰਜ ਆਰੰਭ ਕੀਤਾ। 2008 ਵਿਚ ਉਹ ਯੂਨੀਵਰਸਿਟੀ ਕੈਂਪਸ ਵਿਚ ਮੌਸਮ ਵਿਭਾਗ ਵਿਚ ਆ ਗਏ। ਪਿਛਲੇ ਸਮੇਂ ਤੋਂ ਡਾ. ਹਰਪ੍ਰੀਤ ਕੈਨੇਡਾ ਵਿਚ ਰਹਿ ਰਹੇ ਸਨ। ਪੀਏਯੂ ਦੇ ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਨੇ ਡਾ. ਹਰਪ੍ਰੀਤ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ।