ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 12 ਦਸੰਬਰ
ਸੂਬੇ ਦੇ ਦਸ ਮੈਰੀਟੋਰੀਅਸ ਸਕੂਲਾਂ ਦੇ ਲਗਪਗ 270 ਅਧਿਆਪਕਾਂ ਵੱਲੋਂ ਸਿਖਿਆ ਵਿਭਾਗ ਵਿਚ ਰਲੇਵਾਂ ਕਰਕੇ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਅੱਜ ਉਪ ਮੁਖ ਮੰਤਰੀ ਓਪੀ ਸੋਨੀ ਦੇ ਘਰ ਦੇ ਬਾਹਰ ਰੋਸ ਵਿਖਾਵਾ ਕੀਤਾ ਗਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਸੁਣਵਾਈ ਨਾ ਹੋਈ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਅਧਿਆਪਕਾਂ ਨੇ ਸ੍ਰੀ ਸੋਨੀ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਾਲੇ ਚੋਲੇ ਪਾਏ ਹੋਏ ਸਨ ਅਤੇ ਆਪਣੀਆਂ ਮੰਗਾਂ ਸਬੰਧੀ ਤਖਤੀਆਂ ਤੇ ਬੈਨਰ ਚੁੱਕੇ ਹੋਏ ਸਨ। ਇਹ ਸਾਰੇ ਮਾਰਚ ਕਰਦੇ ਹੋਏ ਉਪ ਮੁਖ ਮੰਤਰੀ ਦੇ ਘਰ ਨੇੜੇ ਪੁੱਜੇ ਜਿਥੇ ਪੁਲੀਸ ਨੇ ਰੋਕਾਂ ਲਾ ਕੇ ਇਨਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ। ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਉਥੇ ਹੀ ਬੈਠ ਕੇ ਧਰਨਾ ਦਿੱਤਾ ਅਤੇ ਰੋਸ ਵਿਖਾਵਾ ਕੀਤਾ। ਅਧਿਆਪਕ ਆਗੂਆਂ ਨੇ ਦੱਸਿਆ ਕਿ 7 ਸਾਲ ਪਹਿਲਾਂ ਸਰਕਾਰ ਵੱਲੋਂ ਸੂਬੇ ਵਿਚ ਦਸ ਮੈਰੀਟੋਰੀਅਸ ਸਕੂਲ ਸਥਾਪਤ ਕੀਤੇ ਸਨ, ਜਿਨ੍ਹਾਂ ਵਿਚ ਸਰਕਾਰੀ ਸਕੂਲਾਂ ਦੇ ਦਸਵੀਂ ਵਿਚੋਂ ਪਾਸ ਹੁਸ਼ਿਆਰ ਬੱਚਿਆਂ ਨੂੰ ਦਾਖਲਾ ਦਿੱਤਾ ਜਾਂਦਾ ਹੈ। ਅਧਿਆਪਕ ਆਗੂਆਂ ਨੇ ਕਿਹਾ ਕਿ 2018 ਵਿੱਚ ਜਦੋਂ ਸ੍ਰੀ ਸੋਨੀ ਸਿਖਿਆ ਮੰਤਰੀ ਸਨ ਤਾਂ ਉਨ੍ਹਾਂ ਪੱਕੇ ਹੋਣ ਲਈ ਤਨਖਾਹ ਵਿਚ ਕਟੌਤੀ ਦੀ ਸ਼ਰਤ ਰੱਖੀ ਸੀ, ਜਿਸ ਬਾਰੇ ਉਨ੍ਹਾਂ ਸਹਿਮਤੀ ਦਿੱਤੀ ਸੀ ਪਰ ਉਨ੍ਹਾਂ ਨੂੰ ਪੱਕੇ ਨਹੀਂ ਕੀਤਾ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀ ਮੰਗ ’ਤੇ ਕੋਈ ਠੋਸ ਕਾਰਵਾਈ ਨਾ ਕੀਤੀ ਗਈ ਤਾਂ ਉਨ੍ਹਾਂ ਨੂੰ ਮਜਬੂਰਨ ਸੰਘਰਸ਼ ਨੂੰ ਤਿੱਖਾ ਕਰਨਾ ਪਵੇਗਾ।