ਜੋਗਿੰਦਰ ਸਿੰਘ ਮਾਨ
ਮਾਨਸਾ, 5 ਜੂਨ
ਪੰਜਾਬ ਸਣੇ ਗੁਆਂਢੀ ਸੂਬਿਆਂ ਵਿੱਚ ਪਾਰਾ ਮੁੜ ਚੜ੍ਹਨਾ ਸ਼ੁਰੂ ਹੋ ਗਿਆ ਹੈ। ਗਰਮ ਹਵਾਵਾਂ ਅਤੇ ਖੁਸ਼ਕ ਮੌਸਮ ਦੇ ਮੱਦੇਨਜ਼ਰ ਅਗਲੇ ਚਾਰ ਦਿਨ ਲੂ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਮਹਿਕਮੇ ਦੀ ਰਿਪੋਰਟ ਅਨੁਸਾਰ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ 8 ਜੂਨ ਤੱਕ ਗਰਮ ਹਵਾਵਾਂ ਚੱਲਣਗੀਆਂ।
ਪੰਜਾਬ ਦੇ ਮਾਲਵਾ ਖੇਤਰ ਵਿੱਚ ਤੇ ਇਸ ਦੇ ਨਾਲ ਲੱਗਦੇ ਹਰਿਆਣਾ ਰਾਜ ਵਿੱਚ ਦਿਨ ਦਾ ਤਾਪਮਾਨ 46 ਡਿਗਰੀ ਸੈਲਸੀਅਸ ਤੱਕ ਜਾ ਸਕਦਾ ਹੈ। ਰਾਤ ਦੇ ਤਾਪਮਾਨ ਵਿੱਚ ਭਾਵੇਂ ਕੁਝ ਕਮੀ ਹੋਣ ਦੀ ਸੰਭਾਵਨਾ ਹੈ, ਪਰ ਗਰਮ ਹਵਾਵਾਂ ਕਾਰਨ ਗਰਮੀ ਤੋਂ ਛੁਟਕਾਰਾ ਮਿਲਣ ਦੀ ਫਿਲਹਾਲ ਕੋਈ ਆਸ ਦਿਖਾਈ ਨਹੀਂ ਦੇ ਰਹੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚਲੇ ਮੌਸਮ ਵਿਭਾਗ ਦੇ ਕੇਂਦਰ ਅਨੁਸਾਰ ਅੱਜ ਬਠਿੰਡਾ ਖੇਤਰ ਵਿੱਚ ਵੱਧ ਤੋਂ ਵੱਧ ਤਾਪਮਾਨ 45.4 ਡਿਗਰੀ ਰਿਹਾ ਹੈ, ਜਦਕਿ ਮਾਨਸਾ, ਬਰਨਾਲਾ, ਸੰਗਰੂਰ, ਫ਼ਰੀਦਕੋਟ, ਫਾਜ਼ਿਲਕਾ, ਮੋਗਾ ਤੇ ਲੁਧਿਆਣਾ ਜ਼ਿਲ੍ਹਿਆਂ ਵਿੱਚ ਤਾਪਮਾਨ ਲਗਪਗ 43.6 ਤੋਂ 44.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਵੱਲੋਂ ਲਗਾਤਾਰ ਵਧ ਰਹੀ ਗਰਮੀ ਦੇ ਮੱਦੇਨਜ਼ਰ ਜਾਰੀ ਕੀਤੀ ਗਈ ਐਡਵਾਈਜ਼ਰੀ ਅਨੁਸਾਰ ਲੋਕਾਂ ਨੂੰ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਦੁਪਹਿਰ ਵੇਲੇ ਘਰਾਂ ਤੋਂ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਬਾਹਰ ਨਿਕਲਣ ਵੇਲੇ ਸਿਰ ਸੂਤੀ ਕੱਪੜੇ ਨਾਲ ਢੱਕ ਕੇ ਰੱਖਣ ਦੀ ਸਲਾਹ ਵੀ ਦਿੱਤੀ ਗਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ ਆਉਣ ਵਾਲੇ ਤਿੰਨ ਦਿਨਾਂ ਵਿੱਚ ਆਮ ਤੌਰ ’ਤੇ ਖੁਸ਼ਕ ਮੌਸਮ ਦੀ ਸੰਭਾਵਨਾ ਹੈ, ਜਿਸ ਦੌਰਾਨ ਵੱਧ ਤੋਂ ਵੱਧ ਤਾਪਮਾਨ 43.37 ਤੋਂ 45.09 ਡਿਗਰੀ ਤੇ ਘੱਟੋ-ਘੱਟ ਤਾਪਮਾਨ 26 ਤੋਂ 27 ਡਿਗਰੀ ਵਿਚਕਾਰ ਰਹਿਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਸੂਬੇ ਦੇ ਜ਼ਿਆਦਾਤਰ ਇਲਾਕਿਆਂ ’ਚ ਲੂ ਚੱਲੇਗੀ। ਉੱਧਰ ਮਾਲਵਾ ਖੇਤਰ ਵਿੱਚ ਲਗਾਤਾਰ ਪੈ ਰਹੀ ਗਰਮੀ ਤੋਂ ਫ਼ਸਲਾਂ ਦੇ ਬਚਾਅ ਸਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐੱਸ ਰੋਮਾਣਾ ਨੇ ਕਿਹਾ ਕਿ ਪਾਰਾ ਚੜ੍ਹਨ ਕਾਰਨ ਸੋਹਲ ਫ਼ਸਲਾਂ ਨੂੰ ਪਾਣੀ ਦੀ ਸਖ਼ਤ ਲੋੜ ਹੈ। ਉਨ੍ਹਾਂ ਕਿਹਾ ਕਿ ਕਿਸਾਨ ਨਰਮੇ, ਪਸ਼ੂਆਂ ਦੇ ਹਰੇ-ਚਾਰੇ, ਸਬਜ਼ੀਆਂ ਅਤੇ ਬਾਗਾਂ ਨੂੰ ਲਗਾਤਾਰ ਲੋੜੀਂਦਾ ਪਾਣੀ ਦਿੰਦੇ ਰਹਿਣ।