ਪੱਤਰ ਪ੍ਰੇਰਕ
ਮਾਨਸਾ, 24 ਅਪਰੈਲ
ਪੰਜਾਬ ਵਿੱਚ ਹਨੇਰੀ ਅਤੇ ਹਲਕੇ ਮੀਂਹ ਮਗਰੋਂ ਪਾਰਾ ਚੜ੍ਹਨ ਲੱਗਾ ਹੈ। ਰਾਜ ਵਿੱਚ ਅਗਲੇ ਦੋ-ਤਿੰਨ ਦਿਨਾਂ ਤੱਕ ਤਾਪਮਾਨ 45 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਅਤੇ ਮੌਸਮ ਮਹਿਕਮੇ ਨੇ ਵੀ ਲੂ ਚੱਲਣ ਦੀ ਚਿਤਾਵਨੀ ਦਿੱਤੀ ਹੈ। ਜਾਣਕਾਰੀ ਮੁਤਾਬਕ ਅੱਜ ਸੂਬੇ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਤਾਪਮਾਨ ਲਗਪਗ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਹਰਿਆਣਾ ਦੀਆਂ ਕਈ ਥਾਵਾਂ ’ਤੇ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਤੇ ਜਾਣ ਦੀਆਂ ਰਿਪੋਰਟਾਂ ਹਾਸਲ ਹੋਈਆਂ ਹਨ। ਗ੍ਰਾਮੀਣ ਕ੍ਰਿਸ਼ੀ ਮੌਸਮ ਸੇਵਾ (ਭਾਰਤ ਮੌਸਮ ਵਿਭਾਗ), ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬੁਲੇਟਿਨ ਅਨੁਸਾਰ ਅੱਜ ਮੌਸਮ ਵਿੱਚ ਆਈ ਤਬਦੀਲੀ ਤੋਂ ਬਾਅਦ ਆਉਣ ਵਾਲੇ 4-5 ਦਿਨਾਂ ਦੌਰਾਨ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ। ਮੌਸਮ ਵਿਭਾਗ ਨੇ ਇਨ੍ਹਾਂ ਦਿਨਾਂ ਵਿੱਚ ਪਾਰਾ 45 ਡਿਗਰੀ ਤੱਕ ਪਹੁੰਚਣ ਦੀ ਵੀ ਸੰਭਾਵਨਾ ਜਤਾਈ। ਪੀਏਯੂ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ ਮਾਲਵਾ ਖੇਤਰ ਦੇ ਮਾਨਸਾ, ਬਠਿੰਡਾ, ਮੋਗਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਬਰਨਾਲਾ, ਸੰਗਰੂਰ ਤੇ ਪਟਿਆਲਾ ਵਿੱਚ ਲਗਾਤਾਰ 5 ਦਿਨ ਗਰਮੀ ਦੀ ਲਹਿਰ ਕਾਰਨ ਲੂ ਚੱਲਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ ਦੌਰਾਨ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਲਗਾਤਾਰ ਇੱਕ ਹਫ਼ਤਾ ਮੌਸਮ ਖੁਸ਼ਕ ਰਹਿ ਸਕਦਾ ਹੈ। ਵੱਧ ਤੋਂ ਵੱਧ ਤਾਪਮਾਨ 44.28 ਡਿਗਰੀ ਤੋਂ ਉਪਰ ਅਤੇ ਘੱਟੋ-ਘੱਟ 23 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ। ਉਧਰ ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਪਸ਼ੂਆਂ ਦੇ ਹਰੇ-ਚਾਰੇ ਸਮੇਤ ਸਬਜ਼ੀਆਂ ਨੂੰ ਲੂ ਤੋਂ ਬਚਾਉਣ ਲਈ ਲੋੜ ਅਨੁਸਾਰ ਪਾਣੀ ਦੇਣ ਦਾ ਸੁਝਾਅ ਦਿੱਤਾ ਹੈ। ਡੀਸੀ ਜਸਪ੍ਰੀਤ ਸਿੰਘ ਨੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਤੁਰੰਤ ‘ਹੀਟ ਵੇਵ’ ਐਕਸ਼ਨ ਪਲਾਨ ਕਰ ਕੇ ਇਸ ਦੀ ਰਿਪੋਰਟ ਉਨ੍ਹਾਂ ਨੂੰ ਦੇਣ।