ਆਤਿਸ਼ ਗੁਪਤਾ
ਚੰਡੀਗੜ੍ਹ, 12 ਮਈ
ਪੰਜਾਬ ਅਤੇ ਹਰਿਆਣਾ ਵਿੱਚ ਪੈ ਰਹੀ ਅਤਿ ਦੀ ਗਰਮੀ ਨੇ ਕਈ ਸਾਲਾਂ ਦੇ ਰਿਕਾਰਡ ਤੋੜ ਕੇ ਰੱਖ ਦਿੱਤੇ ਹਨ। ਅੱਜ ਪੰਜਾਬ ਵਿੱਚ ਤਾਪਮਾਨ 46 ਡਿਗਰੀ ਸੈਲਸੀਅਸ ਅਤੇ ਹਰਿਆਣਾ ਵਿੱਚ 47 ਡਿਗਰੀ ਸੈਲਸੀਅਸ ’ਤੇ ਪਹੁੰਚ ਗਿਆ ਹੈ। ਮੌਸਮ ਵਿਭਾਗ ਵੱਲੋਂ ਪੂਰਾ ਹਫ਼ਤਾ ਲੂ ਚੱਲਣ ਅਤੇ ਤਾਪਮਾਨ ਹੋਰ ਵਧਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਵਿਭਾਗ ਅਨੁਸਾਰ ਅੱਜ ਪੰਜਾਬ ਵਿੱਚ ਮੁਕਤਸਰ ਅਤੇ ਹਰਿਆਣਾ ਵਿੱਚ ਹਿਸਾਰ ਸਭ ਤੋਂ ਗਰਮ ਸ਼ਹਿਰ ਰਹੇ ਹਨ। ਮੁਕਤਸਰ ਦਾ ਤਾਪਮਾਨ 45.7 ਅਤੇ ਹਿਸਾਰ ਦਾ ਤਾਪਮਾਨ 47.4 ਡਿਗਰੀ ਸੈਲਸੀਅਸ ਰਿਹਾ ਹੈ। ਸਨੌਰ ਦੇ ਕਿਸਾਨ ਦਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਖੇਤੀ ਖੇਤਰ ਲਈ ਵਿਸ਼ੇਸ਼ ਤੌਰ ’ਤੇ ਬਿਜਲੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਮੌਸਮ ਵਿਭਾਗ ਅਨੁਸਾਰ ਅੰਮ੍ਰਿਤਸਰ ਵਿੱਚ ਤਾਪਮਾਨ 43.6, ਲੁਧਿਆਣਾ ਵਿੱਚ 42, ਪਟਿਆਲਾ ’ਚ 42.3, ਪਠਾਨਕੋਟ ’ਚ 41, ਫਰੀਦਕੋਟ ’ਚ 43.8, ਗੁਰਦਾਸਪੁਰ ’ਚ 40.7, ਬਰਨਾਲਾ ’ਚ 44.8, ਫਿਰੋਜ਼ਪੁਰ ’ਚ 44.5, ਹੁਸ਼ਿਆਰਪੁਰ ’ਚ 43.9, ਜਲੰਧਰ ’ਚ 43.3 , ਮੋਗਾ ’ਚ 43.2 , ਮੁਹਾਲੀ ’ਚ 40.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਹੈ। ਹਰਿਆਣਾ ਦੇ ਅੰਬਾਲਾ ’ਚ 39.7, ਕਰਨਾਲ ’ਚ 39.6, ਨਾਰਨੋਲ ’ਚ 45.5 , ਰੋਹਤਕ ’ਚ 45.1 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ।
ਕੌਮੀ ਰਾਜਧਾਨੀ ਵਿੱਚ ਯੈਲੋ ਅਲਰਟ ਜਾਰੀ
ਭਾਰਤੀ ਮੌਸਮ ਵਿਭਾਗ ਨੇ ਕੌਮੀ ਰਾਜਧਾਨੀ ਦਿੱਲੀ ਵਿੱਚ ਵਧ ਰਹੀ ਗਰਮੀ ਦੇ ਮੱਦੇਨਜ਼ਰ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਅੱਜ ਕੌਮੀ ਰਾਜਧਾਨੀ ਦੇ ਕੁਝ ਇਲਾਕਿਆਂ ਵਿੱਚ ਤਾਪਮਾਨ 45 ਡਿਗਰੀ ਸੈਲਸੀਅਸ ’ਤੇ ਪਹੁੰਚ ਗਿਆ ਹੈ। ਮੌਸਮ ਵਿਭਾਗ ਅਨੁਸਾਰ 13 ਤੇ 14 ਮਈ ਨੂੰ ਗਰਮੀ ਹੋਰ ਵਧ ਸਕਦੀ ਹੈ, ਜਦੋਂ ਕਿ ਐਤਵਾਰ ਨੂੰ ਗਰਮੀ ਸਿਖਰ ’ਤੇ ਹੋ ਸਕਦੀ ਹੈ। ਵਿਭਾਗ ਅਨੁਸਾਰ ਦੱਖਣ-ਪੱਛਮੀ ਮੌਨਸੂਨ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ’ਤੇ 15 ਮਈ ਨੂੰ ਦਸਤਕ ਦੇ ਸਕਦਾ ਹੈ। ਉਨ੍ਹਾਂ ਉਮੀਦ ਜਤਾਈ ਕਿ ਦੱਖਣੀ-ਪੱਛਮੀ ਮੌਨਸੂਨ 15 ਮਈ ਦੇ ਨੇੜੇ ਦੱਖਣੀ ਅੰਡੇਮਾਨ ਸਾਗਰ ਅਤੇ ਨਾਲ ਲੱਗਦੇ ਦੱਖਣੀ-ਪੂਰਬੀ ਬੰਗਾਲ ਦੀ ਖਾੜੀ ਰਾਹੀ ਅੱਗੇ ਵਧੇਗਾ। ਇਸ ਦੇ ਨਾਲ ਹੀ ਉੱਤਰੀ ਭਾਰਤ ਵਿੱਚ ਵੀ ਮੌਨਸੂਨ ਪਹਿਲੇ ਸਮੇਂ ’ਤੇ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ।