ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 2 ਅਕਤੂਬਰ
ਪੰਜਾਬ ਪੁਲੀਸ ਦੇ ਸਪੈਸ਼ਲ ਟਾਸਕ ਫੋਰਸ ਵਿੰਗ (ਐੱਸਟੀਐੱਫ) ਨੇ ਅੱਜ ਜੰਮੂ ਕਸ਼ਮੀਰ ਦੇ ਵਸਨੀਕ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਪੰਜ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਇਹ ਵਿਅਕਤੀ ਆਈਟੀਆਈ ਅਧਿਆਪਕ ਹੈ, ਜਿਸ ਦੀ ਪਛਾਣ ਨਿਜ਼ਾਮਦੀਨ ਵਾਸੀ ਪਿੰਡ ਕਿਰਨੀ ਖੁਰਦ ਜ਼ਿਲ੍ਹਾ ਪੁੰਛ, ਜੰਮੂ ਕਸ਼ਮੀਰ ਵਜੋਂ ਹੋਈ ਹੈ। ਫ਼ਿਰੋਜ਼ਪੁਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਇੱਕ ਨਸ਼ਾ ਤਸਕਰ ਕੋਲੋਂ ਜਦੋਂ ਪੁਲੀਸ ਨੇ ਪੁੱਛ ਪੜਤਾਲ ਕੀਤੀ ਸੀ ਤਾਂ ਉਕਤ ਮੁਲਜ਼ਮ ਦਾ ਨਾਂ ਸਾਹਮਣੇ ਆਇਆ ਸੀ।
ਐੱਸਟੀਐੱਫ ਦੇ ਏਆਈਜੀ ਰਛਪਾਲ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਇਹ ਵਿਅਕਤੀ ਅੰਤਰਰਾਜੀ ਨਸ਼ਾ ਤਸਕਰ ਗਰੋਹ ਦਾ ਮੈਂਬਰ ਹੈ, ਜੋ ਜੰਮੂ ਕਸ਼ਮੀਰ ਸਰਹੱਦ ਰਾਹੀਂ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਦੀ ਗ੍ਰਿਫ਼ਤਾਰੀ ਨਾਲ ਜੰਮੂ ਕਸ਼ਮੀਰ ਰਸਤੇ ਪੰਜਾਬ ਵਿੱਚ ਨਸ਼ੇ ਦੀ ਹੋ ਰਹੀ ਤਸਕਰੀ ਦੇ ਮਾਮਲੇ ਦਾ ਵੀ ਪਰਦਾਫਾਸ਼ ਹੋਇਆ ਹੈ। ਉਨ੍ਹਾਂ ਦੱਸਿਆ ਕਿ ਬੀਤੀ 26 ਸਤੰਬਰ ਨੂੰ ਜਾਣਕਾਰੀ ਮਿਲੀ ਸੀ ਕਿ ਨਵਤੇਜ ਸਿੰਘ ਉਰਫ ਸਾਬਾ ਵਾਸੀ ਪਿੰਡ ਚੋਹਲਾ ਖੁਰਦ, ਜਗਮੀਤ ਸਿੰਘ ਵਾਸੀ ਪਿੰਡ ਜੌਹਲ ਧਾਲੀਵਾਲ ਤੇ ਜਗਦੀਪ ਸਿੰਘ ਵਾਸੀ ਪਿੰਡ ਰਾਣੀ ਵਲਾਹ (ਤਿੰਨੇ ਜ਼ਿਲ੍ਹਾ ਤਰਨ ਤਾਰਨ ਨਾਲ ਸਬੰਧਤ) ਵੱਲੋਂ ਨਸ਼ਾ ਤਸਕਰੀ ਦਾ ਇਹ ਕਾਰੋਬਾਰ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਜਗਦੀਪ ਫ਼ਿਰੋਜ਼ਪੁਰ ਜੇਲ੍ਹ ਵਿੱਚ ਬੰਦ ਹੈ ਤੇ ਉਹ ਨਸ਼ਾ ਤਸਕਰੀ ਲਈ ਨਵਤੇਜ ਤੇ ਜਗਮੀਤ ਨਾਲ ਸੰਪਰਕ ਕਰਦਾ ਸੀ। ਨਵਤੇਜ ਅਤੇ ਜਗਮੀਤ ਦੋਵਾਂ ਨੂੰ ਪੁਲੀਸ ਨੇ 26 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਉਨ੍ਹਾਂ ਕੋਲੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ, ਜਿਸ ਮਗਰੋਂ ਉਨ੍ਹਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਨ੍ਹਾਂ ਕੋਲੋਂ ਕੀਤੀ ਗਈ ਪੁੱਛ-ਪੜਤਾਲ ਦੇ ਆਧਾਰ ’ਤੇ ਹੀ ਅਗਲੇ ਦਿਨ ਜਗਦੀਪ ਨੂੰ ਜੇਲ੍ਹ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛ-ਪੜਤਾਲ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੁੱਛ ਪੜਤਾਲ ਦੌਰਾਨ ਹੀ ਸਾਹਮਣੇ ਆਇਆ ਸੀ ਕਿ ਮੁਲਜ਼ਮ ਅਬਦੁਲ ਨਾਂ ਦੇ ਇੱਕ ਵਿਅਕਤੀ ਕੋਲੋਂ ਹੈਰੋਇਨ ਦੀ ਖੇਪ ਪ੍ਰਾਪਤ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਹੁਣ ਤੱਕ ਚਾਰ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ ਤੇ ਮਾਮਲੇ ਦੀ ਜਾਂਚ ਜਾਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਹੋਰ ਵੀ ਗ੍ਰਿਫ਼ਤਾਰੀਆਂ ਅਤੇ ਬਰਾਮਦਗੀ ਦੀ ਸੰਭਾਵਨਾ ਹੈ।